ਆਪ ਵਲੋਂ ਇੱਕ ਹੋਰ ਨਾਮੀ ਕਲਾਕਾਰ ਨੂੰ ਟਿਕਟ ਦੇਣ ਦੀ ਤਿਆਰੀ!

0
43

ਗਾਇਕ ਬਲਵੀਰ ਚੋਟੀਆਂ ਨੇ ਮੁੱਖ ਅਧਿਆਪਕ ਦੀ ਨੌਕਰੀ ਛੱਡ ਆਪ ’ਚ ਕੀਤੀ ਸਮੂਲੀਅਤ
ਬਠਿੰਡਾ ਦਿਹਾਤੀ ਤੋਂ ਹੋ ਸਕਦੇ ਹਨ ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਆਮ ਆਦਮੀ ਪਾਰਟੀ ਵਲੋਂ ਅੱਜ ਉਮੀਦਵਾਰਾਂ ਦੀ ਜਾਰੀ ਦੂਜੀ ਸੂਚੀ ਵਿਚ ਪੰਜਾਬ ਦੇ ਦੋ ਨਾਮੀ ਕਲਾਕਾਰਾਂ ਅਨਮੋਲ ਗਗਨ ਮਾਨ ਤੇ ਬਲਕਾਰ ਸਿੱਧੂ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਇੱਕ ਹੋਰ ਗਾਇਕ ਨੂੰ ਚੋਣ ਮੈਦਾਨ ਵਿਚ ਭੇਜਣ ਦੀ ਤਿਆਰੀ ਵਿੱਢ ਦਿੱਤੀ ਹੈ। ਉਘੇ ਲੋਕ ਗਾਇਕ ਤੇ ਸਿੱਖਿਆ ਵਿਭਾਗ ਵਿਚ ਬਤੌਰ ਸੈਂਟਰ ਹੈਡ ਟੀਚਰ ਸੇਵਾਵਾਂ ਨਿਭਾ ਰਹੇ ਬਲਵੀਰ ਚੋਟੀਆ ਦੇ ਬੀਤੇ ਕੱਲ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਇੱਕ ਪ੍ਰੋਗਰਾਮ ’ਚ ਝਾੜੂ ਚੁੱਕ ਲੈਣ ਤੋਂ ਬਾਅਦ ਉਸਨੂੰ ਆਪ ਵਲੋਂ ਬਠਿੰਡਾ ਦਿਹਾਤੀ ਤੋਂ ਚੋਣ ਲੜਾਉਣ ਦੀ ਚਰਚਾ ਸ਼ੁਰੂ ਹੋ ਗਈ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਂਡ ਨੇ ਚੋਟੀਆ ਨੂੰ ਉਕਤ ਹਲਕੇ ਤੋਂ ਤਿਆਰੀਆਂ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਪਾਰਟੀ ਉਕਤ ਗਾਇਕ ਰਾਹੀਂ ਅਪਣੀ ਇਸ ਹਲਕੇ ਤੋਂ ਪਾਰਟੀ ਵਿਧਾਇਕਾ ਰਹੀ ਰੁਪਿੰਦਰ ਕੌਰ ਰੂਬੀ ਦੀ ਭਰਪਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸਨੇ ਪਿਛਲੇ ਦਿਨੀਂ ਆਪ ਛੱਡ ਕਾਂਗਰਸ ਦਾ ਹੱਥ ਫ਼ੜ ਲਿਆ ਸੀ। ਗੌਰਤਲਬ ਹੈ ਕਿ ਗਾਇਕ ਚੋਟੀਆ ਪਿਛਲੇ ਕਈ ਦਹਾਕਿਆਂ ਤੋਂ ਬਠਿੰਡਾ ਸ਼ਹਿਰ ਦੇ ਵਾਸੀ ਹਨ ਤੇ ਉਨ੍ਹਾਂ ਦਾ ਇਲਾਕੇ ’ਚ ਚੰਗਾ ਸੰਪਰਕ ਦਸਿਆ ਜਾ ਰਿਹਾ ਹੈ। ਪਾਰਟੀ ਹਾਈਕਮਾਂਡ ਨੂੰ ਉਮੀਦ ਹੈ ਕਿ ਉਕਤ ਗਾਇਕ ਮੁੜ ਇਸ ਹਲਕੇ ਨੂੰ ਪਾਰਟੀ ਦੀ ਝੋਲੀ ਪਾ ਸਕਦਾ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬੇਸ਼ੱਕ ਪਾਰਟੀ ਛੱਡਣ ਤੋਂ ਪਹਿਲਾਂ ਇਸ ਹਲਕੇ ਵਿਚ ਰੂਬੀ ਦਾ ਵੀ ਚੰਗਾ ਵਿਰੋਧ ਹੋ ਰਿਹਾ ਸੀ ਪ੍ਰੰਤੂ ਪਾਰਟੀ ਹਾਈਕਮਾਂਡ ਇਸ ਹਲਕੇ ਤੋਂ ਕਿਸੇ ਮਜਬੂਤ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਸੀ। ਹਾਲਾਂਕਿ ਇੱਥੇ ਕਈ ਆਪ ਆਗੂ ਟਿਕਟ ਲਈ ਹੱਥ ਪੈਰ ਮਾਰ ਰਹੇ ਸਨ ਪ੍ਰੰਤੂ ਹਲਕੇ ਦੇ ਲੋਕ ਉਨ੍ਹਾਂ ਨੂੰ ਬਤੌਰ ਉਮੀਦਵਾਰ ਘੱਟ ਹੀ ਸਵੀਕਾਰ ਕਰ ਰਹੇ ਸਨ। ਉਧਰ ਪਾਰਟੀ ’ਚ ਸਰਗਰਮੀ ਨਾਲ ਭੁੂਮਿਕਾ ਨਿਭਾਉਣ ਦੀ ਇੱਛਾ ਜਾਹਰ ਕਰਦਿਆਂ ਗਾਇਕ ਚੋਟੀਆ ਨੇ ਦਾਅਵਾ ਕੀਤਾ ਕਿ ਉਹ ਇੱਕ ਛੋਟੇ ਪ੍ਰਵਾਰ ਨਾਲ ਸਬੰਧਤ ਹੋਣ ਕਾਰਨ ਆਮ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਜਾਣਦੇ ਹਨ, ਜਿਸਦੇ ਚੱਲਦੇ ਪਾਰਟੀ ਜਿੱਥੇ ਵੀ ਉਸਦੀ ਡਿਊਟੀ ਲਗਾਉਂਦੀ ਹੈ, ਉਹ ਪੂਰੀ ਮਿਹਨਤ ਕਰਕੇ ਉਸ ਉਪਰ ਖ਼ਰਾ ਉਤਰਨ ਦੀ ਕੋਸ਼ਿਸ਼ ਕਰਨਗੇ।

 

LEAVE A REPLY

Please enter your comment!
Please enter your name here