ਨਵੇਂ ਏ.ਜੀ ਨੂੰ ਲਗਾਉਣ ਦਾ ਫੈਸਲਾ ਹੋਵੇਗਾ ਭਲਕੇ, ਡੀਜੀਪੀ ਸਹੋਤਾ ਦੀ ਵੀ ਛੁੱਟੀ ਦੀ ਤਿਆਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਨਵੰਬਰ: ਆਖ਼ਰਕਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਹੇਠ ਝੁਕਦਿਆਂ ਅੱਜ ਐਡਵੋਕੇਟ ਜਨਰਲ ਏ.ਪੀ.ਐਸ ਦਿਊਲ ਵੱਲੋਂ ਦਿੱਤੇ ਅਸਤੀਫਾ ਨੂੰ ਸਵੀਕਾਰ ਕਰ ਲਿਆ। ਬੀਤੇ ਕੱਲ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਡੀਜੀਪੀ ਤੇ ਏਜੀ ਜਾਂ ਫ਼ਿਰ ਪਾਰਟੀ ਪ੍ਰਧਾਨ ਵਿਚੋਂ ਇੱਕ ਨੂੰ ਚੁਣਨ ਨੂੰ ਦਿੱਤੇ ਅਲਟੀਮੇਟਮ ਤੋਂ ਬਾਅਦ ਅੱਜ ਪੰਜਾਬ ਮੰਤਰੀ ਮੰਡਲ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕੈਬਨਿਟ ਨੇ ਏਜੀ ਦਿਊਲ ਵਲੋਂ ਲੰਘੀ 1 ਨਵੰਬਰ ਨੂੰ ਦਿੱਤੇ ਅਸਤੀਫ਼ੇ ਨੂੰ ਸਵੀਕਾਰ ਕਰਨ ਦਾ ਫੈਸਲਾ ਲਿਆ। ਮੁੱਖ ਮੰਤਰੀ ਨੇ ਦਸਿਆ ਕਿ ਭਲਕੇ ਨਵਾਂ ਐਡਵੋਕੇਟ ਜਨਰਲ ਲਗਾ ਦਿੱਤਾ ਜਾਵੇਗਾ। ਇਸਤੋਂ ਇਲਾਵਾ ਉਨ੍ਹਾਂ ਡੀਜੀਪੀ ਵਜੋਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਵੀ ਚੱਲਦਾ ਕਰਨ ਦਾ ਇਸ਼ਾਰਾ ਕਰਦਿਆਂ ਦਾਅਵਾ ਕੀਤਾ ਕਿ ਨਵਾਂ ਡੀਜੀਪੀ ਲਗਾਉਣ ਲਈ ਇਕ ਪੈਨਲ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ਤੇ ਕੇਂਦਰ ਵਲੋਂ ਪੈਨਲ ਵਿਚੋਂ ਤਿੰਨ ਨਾਵਾਂ ਦੇ ਵਾਪਸ ਆਉਣ ’ਤੇ ਉਸ ਵਿਚੋਂ ਨਵਾਂ ਡੀਜੀਪੀ ਲਗਾਇਆ ਜਾਵੇਗਾ। ਜਿਕਰ ਕਰਨਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓ ਉਤਾਰਨ ਤੋਂ ਬਾਅਦ ਕਾਫ਼ੀ ਉਤਸ਼ਾਹ ਵਿਚ ਨਜ਼ਰ ਆ ਰਹੇ ਸਿੱਧੂ ਦਾ ਚੰਨੀ ਸਰਕਾਰ ਨਾਲ ਵੀ ਉਸ ਵੇਲੇ ਮੋਹ ਭੰਗ ਹੋ ਗਿਆ ਸੀ ਜਦ ਸਰਕਾਰ ਨੇ ਡੀਜੀਪੀ ਵਜੋਂ ਇਕਬਾਲ ਪ੍ਰੀਤ ਸਿੰਘ ਸਹੋਤਾ ਤੇ ਏਜੀ ਵਜੋਂ ਏ.ਪੀ.ਐਸ ਦਿਊਲ ਦੀ ਚੋਣ ਕਰ ਲਈ ਸੀ। ਸਿੱਧੂ ਦਾ ਦਾਅਵਾ ਹੈ ਕਿ ਐਡਵੋਕੇਟ ਦਿਊਲ ਨੇ ਬਰਗਾੜੀ ਕਾਂਡ ਦੇ ਕਥਿਤ ਮੁੱਖ ਦੋਸ਼ੀ ਸੁਮੇਧ ਸਿੰਘ ਸੈਣੀ ਨੂੰ ਬਲਂੈਕਅੇਂਟ ਜਮਾਨਤ ਦਵਾਈ ਹੈ ਜਦੋਂਕਿ ਡੀਜੀਪੀ ਸਹੋਤਾ ਨੇ ਅਕਾਲੀ ਸਰਕਾਰ ਦੌਰਾਨ ਬਣੀ ਐਸ.ਆਈ.ਆਈ ਦੇ ਮੁਖੀ ਵਜੋਂ ਕਥਿਤ ਮੁੱਖ ਦੋਸ਼ੀਆਂ ਨੂੰ ਕਲੀਨ ਚਿੱਟ ਦਿੱਤੀ ਸੀ।
ਆਖ਼ਰਕਾਰ ਸਿੱਧੂ ਦੇ ਦਬਾਅ ਅੱਗੇ ਝੁਕੇ ਚੰਨੀ, ਏ.ਜੀ ਦਾ ਅਸਤੀਫ਼ਾ ਸਵੀਕਾਰ
3 Views