ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ :-ਛੇਵੇਂ ਪੇ ਕਮਿਸ਼ਨ ਦੀਆਂ ਰਹਿੰਦੀਆਂ ਤਰੁੱਟੀਆਂ ਨੂੰ ਦੂਰ ਕਰਨ ਅਤੇ ਬਾਕੀ ਰਹਿੰਦੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਵੱਖ ਵੱਖ ਵਿਭਾਗਾਂ ਦੇ ਕਲੈਰੀਕਲ ਕਾਮਿਆਂ ਨੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ਹੇਠ ਹੜਤਾਲ ‘ਤੇ ਚੱਲ ਰਹੇ ਇੰਨ੍ਹਾਂ ਕਾਮਿਆਂ ਨੇ ਪਹਿਲਾਂ ਇਕੱਠੇ ਹੋ ਕੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ, ਜਿਸਤੋਂਬਾਅਦ ਰੋਸ਼ ਮਾਰਚ ਕਰਦਿਆਂ ਸਥਾਨਕ ਸਰਕਟ ਹਾਊਸ ਕੋਲ ਮੁੱਖ ਮੰਤਰੀ ਦੀ ਅਰਥੀ ਫ਼ੂਕੀ ਗਈ। ਇਸ ਮੌਕੇ ਮਨਿਸਟਰੀਅਲ ਯੂਨੀਅਨ ਦੇ ਸੂਬਾ ਆਗੂ ਮੇਘ ਸਿੰਘ ਸਿੱਧੂ ਵੀ ਸ਼ਾਮਲ ਹੋਏ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਅੜੀਅਲ ਰਵੱਈਏ ਤੋਂ ਦੁਖੀ ਹੋ ਕੇ ਕਲੈਰੀਕਲ ਕਾਮੇ ਪਿਛਲੇ ਦੋ ਦਿਨਾਂ ਤੋਂ ਕਲਮ ਛੋੜ ਹੜਤਾਲ ’ਤੇ ਚੱਲ ਰਹੇ ਹਨ, ਜਿਸ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ਼ ਪ੍ਰਭਾਵਿਤ ਹੋ ਰਿਹਾ ਹੈ। ਉਨਾਂ੍ਹ ਅਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਛੇਵੇਂ ਪੇ-ਕਮਿਸ਼ਨ ਨੂੰ 2.74 ਨਾਲ ਦੇਣ, ਬਕਾਇਆ ਡੀਏ ਦੀਆਂ ਕਿਸਤਾਂ ਜਾਰੀ ਕਰਨ, ਪਰਖ਼ਕਾਲ ਦਾ ਸਮਾਂ ਘੱਟ ਕਰਨ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਅਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੈਨਸ਼ਨ ਦੇਣ ਦੀ ਮੰਗ ਮੁੱਖ ਤੌਰ ’ਤੇ ਸ਼ਾਮਲ ਹੈ। ਇਸ ਮੌਕੇ ਧਰਨੇ ਨੂੰ ਕੁਲਦੀਪ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਕਲੈਰੀਕਲ ਕਾਮਿਆਂ ਨੇ ਫ਼ੂਕੀ ਪੰਜਾਬ ਸਰਕਾਰ ਦੀ ਅਰਥੀ
11 Views