ਹਰੀਸ਼ ਚੌਧਰੀ ਦੇ ਸਾਹਮਣੇ ਵਰਕਰਾਂ ਨੇ ਲੀਡਰਾਂ ਦੀ ਕੀਤੀ ਮੁਰਦਾਬਾਦ
ਸੁਖਜਿੰਦਰ ਮਾਨ
ਬਠਿੰਡਾ, 25 ਨਵੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਦੀ ਨਬਜ਼ ਟਟੋਲਣ ਆਏ ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਚੌਧਰੀ ਦੇ ਸਾਹਮਣੇ ਬਠਿੰਡਾ ਦੇ ਕਾਂਗਰਸੀਆਂ ’ਚ ਗੁੱਟਬੰਦੀ ਖੁੱਲ ਕੇ ਸਾਹਮਣੇ ਆ ਗਈ। ਸਥਾਨਕ ਸ਼ਹਿਰ ਦੇ ਇੱਕ ਪੈਲੇਸ ’ਚ ਰੱਖੀ ਇਸ ਮੀਟਿੰਗ ਵਿਚ ਟਿਕਟਾਂ ਦੀ ਮੰਗ ਨੂੰ ਲੈ ਕੇ ਆਪੋ-ਅਪਣੇ ਧੜਿਆਂ ਨਾਲ ਪੁੱਜੇ ਹੋਏ ਵਰਕਰਾਂ ਤੇ ਆਗੂਆਂ ਨੇ ਇਕ ਦੂਜੇ ਵਿਰੁਧ ਭੜਾਸ ਕੱਢਦਿਆਂ ਮੁਰਦਾਬਾਦ ਕੀਤੀ। ਇਸ ਮੌਕੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਲਾਡੀ ਦੇ ਹਿਮਾਇਤੀਆਂ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਨਹੀਂ ਬਖ਼ਸਿਆਂ ਤੇ ਉਨ੍ਹਾਂ ਵਿਰੁਧ ਸ਼੍ਰੀ ਚੌਧਰੀ ਸਾਹਮਣੇ ਕਾਫ਼ੀ ਗੰਭੀਰ ਦੋਸ਼ ਲਗਾਏ। ਹਾਲਾਂਕਿ ਤਲਵੰਡੀ ਸਾਬੋ ਤੇ ਰਾਮਪੁਰਾ ਫ਼ੂਲ ਹਲਕੇ ’ਚ ਕ੍ਰਮਵਾਰ ਖ਼ੁਸਬਾਜ ਸਿੰਘ ਜਟਾਣਾ ਤੇ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਤਰ੍ਹਾਂ ਬਠਿੰਡਾ ਸ਼ਹਿਰੀ ਹਲਕੇ ਵਿਚ ਵੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਹਮਣੇ ਕੋਈ ਟਿਕਟ ਦਾ ਦਾਅਵੇਦਾਰ ਨਹੀਂ ਆਇਆ। ਪ੍ਰੰਤੂ ਹਲਕਾ ਮੋੜ ਤੇ ਬਠਿੰਡਾ ਦਿਹਾਤੀ ਵਿਚ ਵੱਡੀ ਗੁੱਟਬੰਦੀ ਦੇਖਣ ਨੂੰ ਮਿਲੀ। ਬਠਿੰਡਾ ਦਿਹਾਤੀ ਵਿਚ ਜਿੱਥੇ ਹਰਵਿੰਦਰ ਸਿੰਘ ਲਾਡੀ ਦੇ ਹੱਕ ਵਿਚ ਕਾਂਗਰਸੀ ਅਹੁੱਦੇਦਾਰ ਤੇ ਪੰਚ-ਸਰਪੰਚ ਪੂਰੀ ਤਿਆਰੀ ਕਰਕੇ ਆਏ ਸਨ, ਉਥੇ ਅਪਣੇ ਹੱਥੀ ਲਗਾਏ ਬੂਟੇ ਨੂੰ ਪੁੱਟਣ ਲਈ ਖ਼ੁਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਦੇ ਹੱਕ ’ਚ ਲਾਮਬੰਦੀ ਕਰਦੇ ਦੇਖੇ ਗਏ। ਇਸ ਮੌਕੇ ਬਠਿੰਡਾ ਦਿਹਾਤੀ ਦੇ ਨਾਲ-ਨਾਲ ਬਠਿੰਡਾ ਸ਼ਹਿਰ ਦੇ ਕੁੱਝ ਵਰਕਰਾਂ ਨੇ ਵਿਤ ਮੰਤਰੀ ਦੇ ਰਿਸ਼ਤੇਦਾਰ ’ਤੇ ਉਗਲ ਚੁੱਕੀ। ਇਸੇ ਤਰ੍ਹਾਂ ਮੋੜ ਹਲਕੇ ’ਚ ਅੱਧੀ ਦਰਜ਼ਨ ਦੇ ਕਰੀਬ ਕਾਂਗਰਸੀ ਆਗੂਆਂ ਨੇ ਅਪਣੇ ਹੱਕ ’ਚ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਮੰਜੂ ਬਾਂਸਲ ਦੇ ਹੱਕ ’ਚ ਸਮਰਥਕਾਂ ਨੇ ਆਪ ਛੱਡ ਕੇ ਕਾਂਗਰਸ ਵਿਚ ਸਮੂਲੀਅਤ ਕਰਨ ਵਾਲੇ ਜਗਦੇਵ ਸਿੰਘ ਕਮਾਲੂ ਵਿਰੁਧ ਨਾਅਰੇਬਾਜ਼ੀ ਕੀਤੀ। ਜਿਸਦੇ ਵਿਰੋਧ ’ਚ ਕਮਾਲੂ ਦੇ ਹਿਮਾਇਤੀਆਂ ਨੇ ਅਪਣੇ ਆਗੂ ਦੇ ਹੱਕ ਵਿਚ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਮੌਕੇ ਸ: ਕਮਾਲੂ ਤੋਂ ਇਲਾਵਾ ਭੁਪਿੰਦਰ ਸਿੰਘ ਗੋਰਾ ਅਤੇ ਹੋਰਨਾਂ ਕਈ ਦਾਅਵੇਦਾਰਾਂ ਨੇ ਟਿਕਟ ਦੀ ਮੰਗ ਨੂੰ ਲੈ ਕੇ ਆਪੋ-ਅਪਣੇ ਹਿਮਾਇਤੀਆਂ ਨੂੰ ਅਲੱਗ-ਅਲੱਗ ਬਿਠਾਇਆ ਹੋਇਆ ਸੀ। ਉਧਰ ਭੁੱਚੋਂ ਮੰਡੀ ’ਚ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਗੈਰਹਾਜ਼ਰੀ ਵਿਚ ਹਲਕੇ ਨਾਲ ਸਬੰਧਤ ਅਹੁੱਦੇਦਾਰਾਂ ਤੇ ਪੰਚਾਂ-ਸਰਪੰਚਾਂ ਨੇ ਇਕਮੁੱਠ ਹੋ ਕੇ ਉਨਾਂ ਦੇ ਹੱਕ ਵਿਚ ਕਸੀਦੇ ਪੜੇ, ਜਿਸਦੇ ਨਾਲ ਉਨ੍ਹਾਂ ਦਾ ਸਿਆਸੀ ਕੱਦਬੁੱਤ ਉਚਾ ਹੁੰਦਾ ਨਜ਼ਰ ਆਇਆ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਹਰੀਸ਼ ਚੌਧਰੀ ਦੇ ਨਾਲ ਵਿਸ਼ੇਸ ਤੌਰ ’ਤੇ ਪੁੱਜੇ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਬਠਿੰਡਾ ਸ਼ਹਿਰੀ ਤੇ ਮੋੜ ਹਲਕੇ ਦੇ ਚੌਣਵੇਂ ਵਰਕਰਾਂ ਨੇ ਇੰਨ੍ਹਾਂ ਹਲਕਿਆਂ ਵਿਚੋਂ ਚੋਣ ਲੜਾਉਣ ਦੀ ਮੰਗ ਰੱਖੀ। ਜਿਕਰਯੋਗ ਹੈ ਕਿ ਰਾਜਾ ਵੜਿੰਗ ਦੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਚੱਲ ਰਹੀ ਸਿਆਸੀ ਲਾਗ-ਡਾਟ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ, ਜਿਸਦਾ ਨਜ਼ਾਰਾ ਸਟੇਜ਼ ਉਪਰ ਵੀ ਦੇਖਣ ਨੂੰ ਮਿਲਿਆ, ਜਿੱਥੇ ਦੋਨਾਂ ਮੰਤਰੀਆਂ ਨੇ ਇੱਕ ਦੂਜੇ ਨਾਲ ਅੱਖ ਵੀ ਨਹੀਂ ਮਿਲਾਈ। ਹਾਲਾਂਕਿ ਅਪਣੇ ਭਾਸਣ ’ਚ ਵਿਤ ਮੰਤਰੀ ਨੇ ਕਾਂਗਰਸ ਦੇ ਕੰਮਾਂ ’ਤੇ ਧਿਆਨ ਦਿੱਤਾ ਪ੍ਰੰਤੂ ਰਾਜਾ ਵੜਿੰਗ ਨੇ ਅਸਿੱਧੇ ਢੰਗ ਨਾਲ ਜਰੂਰ ਨਿਸ਼ਾਨੇ ਵਿੰਨੇਂ। ਹਰੀਸ਼ ਚੌਧਰੀ ਵਲੋਂ ਇਸ ਮੌਕੇ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਧਾਨਾਂ ਨਾਲ ਇਕੱਲਿਆ ਕੀਤੀ ਮੀਟਿੰਗ ਦੌਰਾਨ ਜਿਆਦਾਤਰ ਬਲਾਕ ਪ੍ਰਧਾਨਾਂ ਨੇ ਪੁਛਗਿਛ ਨਾ ਹੋਣ ਦਾ ਦਾਅਵਾ ਕੀਤਾ। ਸ਼੍ਰੀ ਚੌਧਰੀ ਦੇ ਨਾਲ ਬਠਿੰਡਾ ਦੇ ਇੰਚਾਰਜ਼ ਹਰਸ਼ ਵਰਧਨ ਤੇ ਸ਼ੀਸਪਾਲ ਵੀ ਪੁੱਜੇ ਹੋਏ ਸਨ।
ਕਾਂਗਰਸ ਦੀ ਵਰਕਰ ਮੀਟਿੰਗ ’ਚ ਗੁੱਟਬੰਦੀ ਸਾਹਮਣੇ ਆਈ
3 Views