ਸੁਖਜਿੰਦਰ ਮਾਨ
ਸੰਗਰੂਰ, 15 ਨਵੰਬਰ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਸੁਰੂ ਕਰਨ ਤੋਂ ਪਹਿਲਾਂ ਪੰਜਾਬ ਆਗੂ ਹਰਜੀਤ ਸਿੰਘ ਟਹਿਲਪੁਰਾ ਤੇ ਗੁਰਮੀਤ ਸਿੰਘ ਉੱਚੀ ਰੁੜਕੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਮੋਰਚਿਆਂ ਵਿੱਚ ਡਟਿਆ ਕਿਸਾਨ ਵਰਕਰਾਂ ਨੂੰ ਲਗਪਗ ਇਕ ਸਾਲ ਹੋ ਚੁੱਕਿਆ ਹੈ। ਭਾਵੇਂ ਇਸ ਦੌਰਾਨ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਗਿਆਰਾਂ ਮੀਟਿੰਗਾਂ ਹੋਈਆਂ ਹਨ ਪਰ ਸਾਰੀਆਂ ਬੇਸਿੱਟਾ ਰਹੀਆਂ। ਕਿਸਾਨ ਆਗੂ ਡੱਲੇਵਾਲ ਨੇ ਸਪੱਸ਼ਟ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਇਹ ਤਿੰਨੇ ਕਾਨੂੰਨ ਰੱਦ ਤੇ ਐੱਮਐੱਸਪੀ ਦੀ ਗਾਰੰਟੀ ਕਾਨੂੰਨ ਨਹੀਂ ਬਣਾਉਂਦੀ, ਕਿਸਾਨ ਕਿਸੇ ਵੀ ਕੀਮਤ ਤੇ ਕਿਸਾਨ ਮੋਰਚਿਆਂ ਵਿੱਚੋਂ ਵਾਪਸ ਨਹੀਂ ਆਉਣਗੇ। ਕਿਸਾਨ ਆਗੂ ਨੇ ਦੱਸਿਆ ਕਿ ਸੰਯੁਕਤ ਕਿਸਾਨ ਵੱਲੋਂ ਤੈਅ ਕੀਤੇ ਅਨੁਸਾਰ 26 ਨਵੰਬਰ ਨੂੰ ਇਕ ਸਾਲ ਹੋਣ ’ਤੇ ਪੰਜਾਬ ਵਿਚੋਂ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਕਿਸਾਨ ਵੱਡੇ ਕਾਫ਼ਲੇ ਬਣਾ ਕੇ ਕਿਸਾਨ ਮੋਰਚਿਆਂ ਵਿਚ ਪਹੁੰਚਣਗੇ। ਇਸੇ ਤਰ੍ਹਾਂ 29 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੇ ਪਾਰਲੀਮੈਂਟ ਸੰਸਦ ਭਵਨ ਮੂਹਰੇ ਕਿਸਾਨ ਆਗੂ ਕਾਫ਼ਲੇ ਲੈ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ ਜ਼ਾਹਰ ਕਰਨਗੇ। ਮੀਟਿੰਗ ਵਿਚ ਤੈਅ ਕੀਤਾ ਗਿਆ ਕਿ ਸਾਰੇ ਪੰਜਾਬ ਵਿੱਚ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਦਿੱਲੀ ਮੋਰਚੇ ਚ ਸ਼ਾਮਲ ਕਰਨ ਲਈ ਜ਼ਿਲ੍ਹਾ ਬਲਾਕ ਪਿੰਡ ਇਕਾਈਆਂ ਵਿੱਚ ਕਿਸਾਨਾਂ ਨੂੰ ਲਾਮਬੰਦ ਕਾਰਨਾਂ ਲਈ ਝੰਡਾ ਮਾਰਚ ਨੁੱਕੜ ਮੀਟਿੰਗਾਂ ਰੈਲੀਆਂ ਆਦਿ ਲਈ ਕਿਸਾਨ ਆਗੂਆਂ ਦੀਆਂ ਸਖਤ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਰੇਸ਼ਮ ਸਿੰਘ ਯਾਤਰੀ, ਬੋਹੜ ਸਿੰਘ ਰੁਪਈਆਂਵਾਲਾ, ਰਾਮ ਸਿੰਘ ਚੱਠਾ , ਮਲਕੀਤ ਸਿੰਘ, ਗੁਰਾਦਿੱਤਾ ਸਿੰਘ, ਜਸਪਾਲ ਸਿੰਘ ਬਰਨਾਲਾ, ਨਛੱਤਰ ਸਿੰਘ ਬਰਨਾਲਾ, ਸੁਖਬੀਰ ਸਿੰਘ ਫਾਜ਼ਿਲਕਾ , ਮੁਖਤਿਆਰ ਸਿੰਘ ਕੁੱਬੇ ਤੇ ਰਣਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਕਾਲੇ ਕਾਨੂੰਨ ਵਾਪਸ ਹੋਣ ਤੱਕ ਵਾਪਸ ਨਹੀਂ ਮੁੜਾਂਗੇ: ਡੱਲੇਵਾਲ
15 Views