ਕਿਸਾਨਾਂ ਨੇ ਕੇਂਦਰ ਦੀ ਫ਼ਸਲ ਖਰੀਦ ’ਚ ਕਟੌਤੀ ਦੇ ਫੈਸਲੇ ਦਾ ਵਿਰੋਧ ਕਰਦਿਆਂ ਦਿੱਤਾ ਧਰਨਾ

0
1
14 Views

ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ : ਪਿਛਲੇ ਦਿਨੀਂ ਹੋਈਆਂ ਬੇਮੌਮਸੀ ਬਾਰਸਾਂ ਤੇ ਗੜੇਮਾਰੀ ਦੇ ਚੱਲਦਿਆਂ ਹੋਏ ਕਣਕ ਦੇ ਭਾਰੀ ਨੁਕਸਾਨ ਕਾਰਨ ਕੇਂਦਰ ਸਰਕਾਰ ਵੱਲੋਂ ਕਣਕ ਦੇ ਖਰੀਦ ਮੁੱਲ ਵਿਚ ਕਟੌਤੀ ਕਰਨ ਦੇ ਫੈਸਲੇ ਵਿਰੁਧ ਕਿਸਾਨਾਂ ਦਾ ਗੁੱਸਾ ਹੁਣ ਸੜਕਾਂ ’ਤੇ ਆਉਣਾ ਸ਼ੁਰੂ ਹੋ ਗਿਆ ਹੈ। ਅੱਜ ਇਸ ਫੈਸਲੇ ਵਿਰੁਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਇਸ ਮੌਕੇ ਜ਼ਿਲ੍ਹਾ ਪ੍ਰਸਾਸਨ ਰਾਹੀਂ ਕੇਂਦਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਦਾਗੀ ਜਾਂ ਪਿਚਕੇ ਦਾਣਿਆਂ ਲਈ ਕਿਸਾਨ ਦੋਸ਼ੀ ਨਹੀਂ, ਬਲਕਿ ਕੁਦਰਤੀ ਆਫ਼ਤਾਂ ਹਨ। ਜਿਸਦੇ ਚੱਲਦੇ ਕਿਸਾਨਾਂ ਸਿਰ ਇਸਦਾ ਦੋਸ਼ ਮੜ੍ਹ ਕੇ ਕਣਕ ਦੇ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਨਾਲ ਹੀ ਭਾਰੀ ਮੀਂਹ ,ਤੂਫ਼ਾਨ ਅਤੇ ਗੜੇਮਾਰੀ ਨੂੰ ਕੌਮੀ ਆਫ਼ਤ ਮੰਨ ਕੇ ਇਸ ਨਾਲ ਹੋਏ ਫ਼ਸਲੀ ਨੁਕਸਾਨ ਅਤੇ ਹੋਰ ਜਾਇਦਾਦ ਮਕਾਨਾਂ ਆਦਿ ਦੇ ਹੋਏ ਨੁਕਸਾਨ ਦੀ ਪੂਰੀ-ਪੂਰੀ ਭਰਪਾਈ ਦੀ ਅਦਾਇਗੀ ਕਾਸ਼ਤਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਤੁਰੰਤ ਕੀਤੀ ਜਾਵੇ, ਮਿਥੇ ਹੋਏ ਸਰਕਾਰੀ ਸਮਰਥਨ ਮੁੱਲ ਮੁਤਾਬਕ ਕਟੌਤੀ ਤੋਂ ਬਿਨਾਂ ਪੂਰੀ ਦੀ ਪੂਰੀ ਕਣਕ ਅਤੇ ਦੂਜੀਆਂ ਫ਼ਸਲਾਂ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਇਸ ਵਾਰ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਬਰਬਾਦ ਹੋ ਗਈ ਜਿਸ ਕਾਰਨ ਪਹਿਲਾਂ ਤੋਂ ਹੀ ਕਰਜੇ ਵਿੱਚ ਡੁੱਬੀ ਕਿਸਾਨੀ ਦਾ ਆਰਥਿਕ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਕੁਦਰਤੀ ਕਰੋਪੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਬਜਾਏ ਕਣਕ ਦੇ ਖਰੀਦ ਮੁੱਲ ਵਿੱਚ ਕੱਟ ਲਾ ਕੇ ਹੋਰ ਬੋਝ ਪਾ ਦਿੱਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖਾਨਾ ਅਤੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਕੁਦਰਤੀ ਮੌਸਮ ਦੀ ਮਾਰ ਕਾਰਨ ਕਣਕ ਦੇ ਦਾਣੇ ਸੂੰਗੜ ਗਏ ਹਨ ,ਟੁੱਟ ਗਏ ਹਨ ਅਤੇ ਜਿਆਦਾ ਮੀਂਹ ਨਾਲ ਖੇਤਾਂ ਵਿਚ ਪਾਣੀ ਖੜ੍ਹਾ ਹੋਣ ਕਰਕੇ ਬਦਰੰਗ ਹੋ ਗਏ ਹਨ ਅਤੇ ਬੱਲੀਆਂ ਵਿੱਚ ਪੁੰਗਰ ਗਏ ਹਨ। ਬਿਪਤਾ ਵੇਲੇ ਬਾਂਹ ਫੜਨ ਦੀ ਬਜਾਏ ਕੇਂਦਰ ਸਰਕਾਰ ਨੇ ਇਹਨਾਂ ਸੁੰਗੜੇ ਅਤੇ ਟੁੱਟੇ ਹੋਏ ਦਾਣਿਆਂ 18% ਹੋਣ ਤੇ 31.87 ਰੁਪਏ ਅਤੇ ਦਾਣੇ ਬਦਰੰਗ ਹੋਣ ਤੇ 5.31 ਰੁਪਏ ਪ੍ਰਤੀ ਕੁਇੰਟਲ ਕੱਟ ਲਾਇਆ ਹੈ ਜੋ ਕਿ ਕੁੱਲ 37 ਰੁਪਏ 18 ਪੈਸੇ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਘਾਟਾ ਪਵੇਗਾ ਜਦੋਂ ਕਿ ਕਿਸਾਨਾਂ ਦਾ ਇਸ ਵਿੱਚ ਕੋਈ ਕਸੂਰ ਨਹੀਂ। ਜਗਦੇਵ ਸਿੰਘ ਜੋਗੇਵਾਲਾ,ਮਾਲਣ ਕੌਰ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਫ਼ਸਲਾਂ ਦੀ ਖ਼ਰੀਦ ਤੇ ਸ਼ਰਤਾਂ ਲਾਉਣ ਦਾ ਮਕਸਦ ਸਰਕਾਰੀ ਮੰਡੀਆਂ ਬੰਦ ਕਰ ਕੇ ਫਸਲਾਂ ਦੀ ਸਰਕਾਰੀ ਖਰੀਦ ਤੋਂ ਭੱਜਣਾ ਹੈ ਅਤੇ ਕਿਸਾਨਾਂ ਦੀ ਫਸਲ ਨੂੰ ਵਪਾਰੀਆਂ ਦੇ ਰਹਿਮੋ ਕਰਮ ਤੇ ਛੱਡਣਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਸਾਥ ਦੇ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰ ਦੀਆਂ ਸ਼ਰਤਾਂ ਦਾ ਵਿਰੋਧ ਕਰਨ ਦੀ ਬਜਾਏ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਦਿਆਂ ਪੰਜਾਬ ਦੀਆਂ ਕੁਝ ਮੰਡੀਆਂ ਵਿੱਚ ਪ੍ਰਾਈਵੇਟ ਵਪਾਰੀਆਂ ਨੂੰ ਖਰੀਦ ਕਰ ਦੀ ਖੁੱਲ੍ਹ ਦਿੱਤੀ ਹੈ ਅਤੇ ਨਵੇਂ ਸੀਲੋ ਗੁਦਾਮ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦੇ ਧਰਨੇ ਨੂੰ ਨਛੱਤਰ ਸਿੰਘ ਢੱਡੇ, ਬਲਦੇਵ ਸਿੰਘ ਚੌਕੇ, ਕੁਲਵੰਤ ਸ਼ਰਮਾ ਰਾਏਕੇ ਕਲਾਂ, ਜਸਪਾਲ ਸਿੰਘ ਕੋਠਾਗੁਰੂ, ਹਰਪ੍ਰੀਤ ਸਿੰਘ ਚੱਠੇਵਾਲਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਗੁਰਪਾਲ ਸਿੰਘ ਦਿਓਣ ਨੇ ਵੀ ਸੰਬੋਧਨ ਕੀਤਾ। ਹਰਬੰਸ ਸਿੰਘ ਘਣੀਆਂ ਅਤੇ ਨਿਰਮਲ ਸਿੰਘ ਸਿਵੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।

LEAVE A REPLY

Please enter your comment!
Please enter your name here