ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ : ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਚੱਲ ਰਹੇ ਬਾਦਲ ਮੋਰਚੇ ਵੱਲੋਂ ਅੱਜ ਤੀਜੇ ਦਿਨ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਨੇੜੇ ਲੱਗੀਆਂ ਪੁਲੀਸ ਰੋਕਾਂ ਨੂੰ ਤੋੜਦੇ ਹੋਏ ਕੋਠੀ ਦੇ ਗੇਟ ਦਾ ਘਿਰਾਓ ਕਰ ਲਿਆ। ਇਸ ਮੌਕੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਕਿਸਾਨਾਂ ਦੇ ਜੋਸ਼ ਅੱਗੇ ਇਹ ਪ੍ਰਬੰਧ ਫਿੱਕੇ ਪੈ ਗਏ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਅਤੇ ਹੋਰ ਕੁਦਰਤੀ ਕਾਰਨਾਂ ਕਰ ਕੇ ਨਰਮਾ ਸਮੇਤ ਹੋਰ ਸਾਉਣੀ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਜਿਸ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਕਿਸਾਨ, ਮਜ਼ਦੂਰ ਅਤੇ ਪੰਜ ਤਰੀਕ ਤੋਂ ਬਾਦਲ ਵਿਖੇ ਮੋਰਚਾ ਲਾਈ ਬੈਠੇ ਹਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨਣ ਦੀ ਬਜਾਏ ਮੁਜਰਮਾਨਾ ਚੁੱਪ ਧਾਰ ਲਈ ਕਿ ਕਿਸਾਨ ਮਜ਼ਦੂਰ ਆਪਣੀ ਅੱਕ ਥੱਕ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ । ਉਨ੍ਹਾਂ ਕਿਹਾ ਕਿ ਬੀਜ ਕੰਪਨੀਆਂ ਵੱਲੋਂ ਨਕਲੀ ਬੀਜਾਂ ਕਾਰਨ ਅਤੇ ਕੁਦਰਤੀ ਕਰੋਪੀ ਕਾਰਨ ਆਰਥਿਕ ਨੁਕਸਾਨ ਝੱਲ ਰਹੇ ਕਿਸਾਨ ਹਨ ਖ਼ੁਦਕੁਸ਼ੀਆਂ ਨਹੀਂ ਕਰਨਗੇ ਸਗੋਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਆਪਣੀਆਂ ਮੰਗਾਂ ਮਨਵਾ ਕੇ ਘਰਾਂ ਨੂੰ ਵਾਪਸ ਜਾਣਗੇ । ਮਨਪ੍ਰੀਤ ਦੀ ਕੋਠੀ ਦੇ ਘਿਰਾਓ ਤੋਂ ਬਾਅਦ ਚੱਲੀ ਐੱਸਡੀਐੱਮ ਗਿੱਦੜਬਾਹਾ ਨਾਲ ਗੱਲਬਾਤ ਦੌਰਾਨ ਐੱਸਡੀਐੱਮ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਨੂੰ ਗਿਆਰਾਂ ਵਜੇ ਜਥੇਬੰਦੀ ਦੀ ਗੱਲਬਾਤ ਸਰਕਾਰ ਨਾਲ ਕਰਵਾ ਕੇ ਮੰਗਾਂ ਮਸਲਿਆਂ ਦਾ ਹੱਲ ਕੱਢ ਲਿਆ ਜਾਵੇਗਾ ਜਿਸ ਤੋਂ ਬਾਅਦ ਕਿਸਾਨ ਘਿਰਾਓ ਛੱਡ ਕੇ ਪਹਿਲਾਂ ਚੱਲ ਰਹੇ ਮੋਰਚੇ ਵਿੱਚ ਡਟ ਗਏ । ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕੱਲ੍ਹ ਨੂੰ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਖ਼ਜ਼ਾਨਾ ਮੰਤਰੀ ਦੀ ਕੋਠੀ ਦਾ ਅਣਮਿੱਥੇ ਸਮੇਂ ਲਈ ਮੁਕੰਮਲ ਘਿਰਾਓ ਕੀਤਾ ਜਾਵੇਗਾ ।ਉਨ੍ਹਾਂ ਕਿਸਾਨਾਂ , ਮਜਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਨੂੰ ਵੱਡੀ ਗਿਣਤੀ ਵਿੱਚ ਬਾਦਲ ਮੋਰਚੇ ਵਿਚ ਪਹੁੰਚਣ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ। ਧਰਨੇ ਨੂੰ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ , ਪਰਮਜੀਤ ਕੌਰ ਪਿੱਥੋ, ਹਰਜਿੰਦਰ ਸਿੰਘ ਬੱਗੀ,ਜਸਵੀਰ ਸਿੰਘ ਬੁਰਜ ਸੇਮਾ, ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ,ਜ਼ਿਲ੍ਹਾ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ , ਗੁਰਪਾਸ਼ ਸਿੰਘ ਸਿੰਘੇਵਾਲਾ ਅਤੇ ਸੁੱਚਾ ਸਿੰਘ ਕੋਟਭਾਈ , ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਇੰਦਰਜੀਤ ਸਿੰਘ ਝੱਬਰ ,ਜਿਲ੍ਹਾ ਫਾਜਲਿਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਅਤੇ ਜਗਤਾਰ ਸਿੰਘ ਅਬੋਹਰ ਨੇ ਵੀ ਸੰਬੋਧਨ ਕੀਤਾ।
ਕਿਸਾਨਾਂ ਨੇ ਰੋਕਾਂ ਤੋੜ ਵਿਤ ਮੰਤਰੀ ਦੇ ਘਰ ਦਾ ਕੀਤਾ ਘਿਰਾਓ
10 Views