ਜ਼ਿਲ੍ਹੇ ਦੇ 57 ਸ਼ਹੀਦ ਪਰਿਵਾਰਾਂ ਨੂੰ ਦਿੱਤੇ 5-5 ਲੱਖ ਰੁਪਏ
ਸੁਖਜਿੰਦਰ ਮਾਨ
ਬਠਿੰਡਾ, 17 ਨਵੰਬਰ: ਖੇਤੀਬਾੜੀ ਸਬੰਧੀਂ ਤਿੰਨ ਕੇਂਦਰੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਵਿੱਢੇ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਸੱਤ ਕਿਸਾਨਾਂ ਦੇ ਯੋਗ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੀਆਂ ਗਈਆਂ ਹਨ। ਜਦੋਂਕਿ ਜ਼ਿਲ੍ਹੇ ਦੇ 57 ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਜ਼ਿਲ੍ਹੇ ਦੇ ਪਿੰਡ ਘੜੈਲੀ ਦੇ ਅਮਨਜੀਤ ਕੌਰ, ਪਿੰਡ ਚਾਉਕੇ ਦੀ ਸ਼੍ਰੀਮਤੀ ਤੇਜਿੰਦਰ ਕੌਰ, ਪਿੰਡ ਪੱਕਾ ਕਲਾਂ ਦੇ ਬਲਵਿੰਦਰ ਸਿੰਘ, ਪਿੰਡ ਲਾਲੈਆਣਾ ਦੇ ਜਗਜੀਤ ਸਿੰਘ, ਪਿੰਡ ਭਾਗੀਵਾਂਦਰ ਦੇ ਹਰਪ੍ਰੀਤ ਸਿੰਘ, ਪਿੰਡ ਮਿਰਜੇਆਣਾ ਦੇ ਭਗਵੰਤ ਸਿੰਘ ਅਤੇ ਪਿੰਡ ਅਮਰਪੁਰਾ ਉਰਫ਼ ਗੁਰਥੜੀ ਦੇ ਸੁਖਮਨਜੋਤ ਸਿੰਘ ਸਿੱਧੂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਪਰਿਵਾਰਾਂ ਦੇ ਹਰ ਸਮੇਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰੀ ਨੌਕਰੀ ਬੜੀ ਮਿਹਨਤ ਤੇ ਤਰੱਦਦ ਨਾਲ ਮਿਲਦੀ ਹੈ ਪਰੰਤੂ ਇਨ੍ਹਾਂ ਉਮੀਦਵਾਰਾਂ ਦੇ ਪਰਿਵਾਰਾਂ ਦਾ ਕਿਸਾਨੀ ਸੰਘਰਸ਼ ਲਈ ਬਲੀਦਾਨ ਵੀ ਕੋਈ ਘੱਟ ਨਹੀਂ ਹੈ, ਜਿਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਨ੍ਹਾਂ ਕਿਸਾਨਾਂ ਦੇ ਬਲੀਦਾਨ ਦਾ ਸਨਮਾਨ ਕੀਤਾ ਹੈ।