ਸੁਖਜਿੰਦਰ ਮਾਨ
ਬਠਿੰਡਾ, 8 ਦਸੰਬਰ: ਤਿੰਨ ਖੇਤੀ ਕਾਨੂੰਨਾਂ ਵਿਰੁੱਧ ਇੱਕ ਸਾਲ ਪਹਿਲਾਂ ਵਿੱਢੇ ਕਿਸਾਨ ਸੰਘਰਸ਼ ਦੌਰਾਨ ਵੱਡਾ ਯੋਗਦਾਨ ਪਾਉਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਟਿੱਕਰੀ ਬਾਰਡਰ ਵਿਖੇ ਸਨਮਾਨਿਆ ਗਿਆ। ਇਸ ਵਿਚ ਕਿਰਤੀ ਕਿਸਾਨ ਯੂਨੀਅਨ ਜ਼ਿਲਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਭੁੱਚੋ ਖੁਰਦ ਜੋ ਛੇ ਮਹੀਨੇ ਲਗਾਤਾਰ ਮੋਰਚੇ ਵਿਚ ਡਟੇ ਰਹੇ, ਨੂੰ ਵੀ ਸਨਮਾਨਿਤ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇੰਨ੍ਹਾਂ ਲੰਮਾ ਇਤਿਹਾਸਕ ਘੋਲ ਲੜ ਕੇ ਮੋਦੀ ਸਰਕਾਰ ਨੂੰ ਗੋਡਿਆਂ ਪਰਨੇ ਕਰਕੇ ਨਾ ਸਿਰਫ਼ ਲੋਕ ਤਾਕਤ ਰਾਹੀਂ ਨਵਾਂ ਇਤਿਹਾਸ ਸਿਰਜਿਆ, ਬਲਕਿ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਸੰਘਰਸ਼ ਲਈ ਨਵਾਂ ਰਾਹ ਦਿਖਾਇਆ। ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਪਹਿਲਾਂ ਵਾਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਲੜੇ ਗਏ ਇਸ ਅੰਦੋਲਨ ਨੇ ਪੂਰੀ ਦੁਨੀਆ ਵਿਚ ਚਰਚਾ ਕਰਾਈ। ਇਸ ਮੌਕੇ ਟਿਕਰੀ ਕਮੇਟੀ ਦੇ ਆਗੂ ਬੀਕੇਯੂ ਲੱਖੋਵਾਲ ਦੇ ਸੂਬਾ ਆਗੂ ਪ੍ਰਸ਼ੋਤਮ ਸਿੰਘ ਗਿੱਲ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਅਮਰੀਕ ਸਿੰਘ ਫਫਡੇ ਭਾਈਕੇ, ਬੀਕੇਯੂ ਡਕੌਂਦਾ ਦੇ ਬਲਦੇਵ ਸਿੰਘ ਭਾਈਰੂਪਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਸਬੀਰ ਕੌਰ ਨੱਤ, ਆਲ ਇੰਡੀਆ ਕਿਸਾਨ ਸਭਾ ਦੇ ਕੁਲਵੰਤ ਸਿੰਘ ਮੌਲਵੀਵਾਲਾ, ਬੀਕੇਯੂ ਮਾਨਸਾ ਦੇ ਮੇਜਰ ਸਿੰਘ ਰੰਧਾਵਾ, ਬੀਕੇਯੂ ਸਿੱਧੂਪੁਰ ਬਰਨਾਲਾ ਦੇ ਆਗੂ ਜਸਪਾਲ ਸਿੰਘ ਕਾਲਾ ਮਾਜਰਾ , ਬੀਕੇਯੂ ਕਾਦੀਆਂ ਬਰਨਾਲਾ ਦੇ ਆਗੂ ਸੰਪੂਰਨ ਸਿੰਘ ਚੁੱਘਾ, ਬੀਕੇਯੂ ਰਾਜੇਵਾਲ ਦੇ ਸੂਬਾ ਆਗੂ ਪਰਗਟ ਸਿੰਘ ਤਲਵੰਡੀ ਆਦਿ ਹਾਜ਼ਰ ਰਹੇ।