ਸੁਖਜਿੰਦਰ ਮਾਨ
ਬਠਿੰਡਾ, 25 ਅਕਤੂਬਰ: ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਉਪਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਖਿਡਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਡੱਲੇਵਾਲ ਨੇ ਸਾਬਕਾ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਮੰਗ ਕੀਤੀ ਕਿ ‘‘ ਜਿਸ ਤਰ੍ਹਾਂ ਉਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ 13 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ, ਉਸ ਨੂੰ ਉਹ ਜਨਤਕ ਕਰਨ ਕਿ ਕਿਸ ਜੱਥੇਬੰਦੀ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਪਹਿਲਾਂ ਤੋਂ ਹੀ ਇਹ ਕਹਿੰਦੇ ਆ ਰਹੇ ਹਨ ਕਿ ਪੰਜਾਬ ਦੀਆ ਰਾਜਨੀਤਿਕ ਧਿਰਾਂ ਇਸ ਅੰਦੋਲਨ ਦੇ ਅੰਦਰੋ ਖਿਲਾਫ ਨੇ ਕਿਉਂਕਿ ਉਹਨਾਂ ਨੂੰ ਇਸ ਦੇ ਵਿੱਚੋਂ ਇਹਨਾਂ ਦਾ ਆਪਣਾ ਭਵਿੱਖ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਤੇ ਐਮਐਸਪੀ ਦੀ ਗਾਰੰਟੀ ਲੈਣਾ ਕਿਸਾਨ ਸੰਘਰਸ਼ ਦਾ ਮੁੱਖ ਮੁੱਦਾ ਹੈ ਤੇ ਕੋਈ ਸਿਆਸੀ ਇਹ ਨਾ ਸੋਚੇ ਕਿ ਕਿਸਾਨ ਕੋਈ ਵਿਚਕਾਰਲਾ ਰਾਸਤਾ ਅਪਣਾ ਲੈਣਗੇ।