ਮੁੱਖ ਮੰਤਰੀ ਨੇ ਮੀਟਿੰਗ ਤੋਂ ਬਾਅਦ ਕੀਤਾ ਦੌਰਾ, ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਈ: ਬੀਤੀ ਦੇਰ ਰਾਤ ਮੁਹਾਲੀ ਦੇ ਸੈਕਟਰ-77 ਵਿਚ ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ’ਚ ਹੋਏ ਧਮਾਕੇ ਦੀ ਉਚ ਪੱਧਰੀ ਜਾਂਚ ਜਾਰੀ ਹੈ। ਇਸ ਮਾਮਲੇ ’ਤੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਚ ਪੁਲਿਸ ਨਾਲ ਮੀਟਿੰਗ ਕਰਕੇ ਮਾਮਲੇ ਦੀ ਜਾਣਕਾਰੀ ਲਈ ਗਈ, ਉਥੇ ਉਨ੍ਹਾਂ ਘਟਨਾ ਵਾਲੀ ਇਮਾਰਤ ਦਾ ਦੌਰਾ ਵੀ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸਿਆਂ ਨਹੀਂ ਜਾਵੇਗਾ ਤੇ ਜਲਦੀ ਹੀ ਸਾਰੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਉਧਰ ਮੀਟਿੰਗ ਤੋਂ ਬਾਅਦ ਡੀਜੀਪੀ ਵੀਕੇ ਭਾਵਰਾ ਵੀ ਉਥੇ ਪੁੱਜੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾਵੇਗਾ, ਇਸਦੇ ਲਈ ਜਾਂਚ ਜਾਰੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੁਲਿਸ ਨੇ ਕੁੱਝ ਸ਼ੱਕੀ ਵਿਅਕਤੀਆਂ ਨੂੰ ਪੁਛਗਿਛ ਲਈ ਪੁਲਿਸ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸਦੀ ਪੁਸ਼ਟੀ ਨਹੀਂ ਕਰ ਰਹੇ ਹਨ। ਪਤਾ ਲੱਗਿਆ ਹੈ ਕਿ ਪੁਲਿਸ ਨੇ ਇਸ ਇਲਾਕੇ ਦੇ ਸਮੂਹ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ਼ ਹਾਸਲ ਕੀਤੀ ਹੈ ਤੇ ਨਾਲ ਹੀ ਨੇੜਲੇ ਮੋਬਾਈਲ ਟਾਵਰਾਂ ਦੀ ਰੇਂਜ ਅਧੀਨ ਆਉਂਦੇ ਮੋਬਾਈਲ ਫੋਨਾਂ ਦੀਆਂ ਕਾਲਾਂ ਦਾ ਡਾਟਾ ਵੀ ਖੰਗਾਲਿਆਂ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਘਟਨਾ ਤੋਂ ਪਹਿਲਾਂ ਕਥਿਤ ਦੋਸ਼ੀਆਂ ਵਲੋਂ ਇਮਾਰਤ ਵੀ ਰੇਕੀ ਵੀ ਕੀਤੀ ਗਈ ਹੋ ਸਕਦੀ ਹੈ, ਜਿਸਦੇ ਚੱਲਦੇ ਇਸ ਇਲਾਕੇ ਵਿਚ ਕਈ ਵਾਰ ਚੱਕਰ ਮਾਰ ਕੇ ਗਈ ਇੱਕ ਕਾਰ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਸੋਮਵਾਰ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇਂ ਇਸ ਇਮਾਰਤ ਉਪਰ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਇਮਾਰਤ ਦੀ ਤੀਜੀ ਮੰਜਿਲ ਦੀਆਂ ਖਿੜਕੀਆਂ ਦੇ ਸੀਸੇ ਟੁੱਟ ਗਏ ਸਨ। ਧਮਾਕੇ ਦੀ ਤਫ਼ਤੀਸ਼ ਬਾਰੇ ਜਾਣਕਾਰੀ ਦਿੰਦੇ ਹੋਏ ਮੁਹਾਲੀ ਪੁਲੀਸ ਵੱਲੋਂ ਦੱਸਿਆ ਗਿਆ ਕਿ ਇਸ ਕੇਸ ਦੇ ਸਬੰਧ ਵਿਚ ਸੋਹਾਣਾ ਪੁਲਸ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 236/22 ਅਧੀਨ ਜਾਂਚ ਕਰਦੇ ਹੋਏ ਇਸ ਕੇਸ ਨਾਲ ਸਬੰਧਤ ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ lਇਸ ਧਮਾਕੇ ਲਈ ਵਰਤੇ ਗਏ ਲਾਂਚਰ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਕੇਸ ਦੇ ਸਬੰਧ ਵਿੱਚ ਮਿਲੇ ਸਮੂਹ ਤੱਥਾਂ ਬਾਰੇ ਬਰੀਕੀ ਨਾਲ ਛਾਣਬੀਣ ਕਰਕੇ ਇਸ ਕੇਸ ਨੂੰ ਹੱਲ ਕਰਨ ਲਈ ਅੱਗੇ ਵਧਿਆ ਜਾ ਰਿਹਾ ਹੈ l
ਖੁਫ਼ੀਆ ਵਿੰਗ ਦੇ ਦਫ਼ਤਰ ’ਚ ਹੋਏ ਧਮਾਕੇ ਦੀ ਜਾਂਚ ਜਾਰੀ
16 Views