ਚੋਣ ਨਤੀਜਿਆਂ ਦਾ ਇੰਤਜ਼ਾਰ: ਸੂਬੇ ਦੀ ਅਫ਼ਸਰਸਾਹੀ ‘ਤੇਲ ਦੇਖੋ, ਤੇਲ ਦੀ ਧਾਰ ਦੇਖੋ’ ਵਾਲੀ ਨੀਤੀ ’ਤੇ

0
1
9 Views

ਸੁਖਜਿੰਦਰ ਮਾਨ
ਬਠਿੰਡਾ, 27 ਫਰਵਰੀ : ਲੰਘੀ 20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦਾ ਰੁਝਾਨ ਕਿਸੇ ਇੱਕ ਪਾਰਟੀ ਵੱਲ ਨਾ ਆਉਂਦਾ ਦੇਖ ਸੂਬੇ ਦੀ ਅਫ਼ਸਰਸਾਹੀ ਨੇ ਚੁੱਪੀ ਧਾਰ ਲਈ ਹੈ। ਅਜਿਹਾ ਸਾਲ ਸਾਲ 2012 ਤੋਂ ਬਾਅਦ ਦੂਜੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਜਦ ਚੋਣ ਮਾਹਰ ਵੀ ਇਸ ਮਾਮਲੇ ’ਤੇ ਕੋਈ ਭਵਿੱਖਬਾਣੀ ਕਰਨ ਤੋਂ ਬਚ ਰਹੇ ਹਨ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਇੱਕ ਹਫ਼ਤੇ ਪਹਿਲਾਂ ਤੱਕ ਭਾਰੀ ਬਹੁਮਤ ਨਾਲ ਦਿੱਲੀ ਤੋਂ ਬਾਅਦ ਪੰਜਾਬ ਵਿਚ ਅਪਣੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੇ ਆਪ ਸਮਰਥਕ ਵੀ ਹੁਣ ਚੁੱਪ ਦਿਖ਼ਾਈ ਦੇ ਰਹੇ ਹਨ। ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਦੇ ਸਿਰ ’ਤੇ ਪੰਜਾਬ ਵਿਚ ਮੁੜ ਸਰਕਾਰ ਬਣਾਉਣ ਦੀ ਉਮੀਦ ਲਗਾਉਣ ਵਾਲੇ ਕਾਂਗਰਸੀ ਵੀ ਸ਼ਸੋਪੰਜ਼ ਵਿਚ ਪਏ ਹਨ। ਜਦੋਂਕਿ ਅਕਾਲੀਆਂ ਲਈ ਪਿਛਲੀਆਂ ਚੋਣਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਹੀ ਸਭ ਤੋਂ ਵੱਡੀ ਜਿੱਤ ਹੈ। ਗੌਰਤਲਬ ਹੈ ਕਿ ਚੋਣ ਜਾਬਤਾ ਲੱਗਣ ਤੋਂ ਲੈ ਕੇ ਚੋਣ ਨਤੀਜ਼ੇ ਆਉਣ ਤੱਕ ਅਫ਼ਸਰਸਾਹੀ ਹਵਾ ਦਾ ਰੁੱਖ ਭਾਂਪਦਿਆਂ ਅਗਲੀ ਸਰਕਾਰ ਵਿਚ ਅਪਣੀਆਂ ਨਿਯੁਕਤੀਆਂ ਲਈ ਭੱਜਦੋੜ ਕਰਦੀ ਆਮ ਦੇਖੀ ਜਾਂਦੀ ਹੈ। ਇਸਦੇ ਲਈ ਸੰਭਾਵੀ ਸਰਕਾਰ ਬਣਾਉਣ ਵਾਲੀ ਪਾਰਟੀ ਦੇ ਆਗੂਆਂ ਨਾਲ ਤਾਲਮੇਲ ਬਿਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਮੌਜੂਦਾ ਸਥਿਤੀ ਵਿਚ ਸਭ ਤੋਂ ਰੋਸ਼ਨ ਦਿਮਾਗ ਮੰਨੀ ਜਾਣ ਵਾਲੀ ਅਫ਼ਸਰ ਵੀ ‘ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ’ ਵਾਲੀ ਨੀਤੀ ’ਤੇ ਚੱਲਣ ਲਈ ਮਜਬੂਰ ਦਿਖ਼ਾਈ ਦੇ ਰਹੀ ਹੈ। ਪੰਜਾਬ ਦੇ ਇੱਕ ਚੋਟੀ ਦੇ ਅਫ਼ਸਰ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਇਸ ਮਾਮਲੇ ਉਪਰ ਗੱਲਬਾਤ ਕਰਦਿਆਂ ਕਿਹਾ ਕਿ ‘‘ ਹੁਣ ਸਿਆਸਤ ਗੁੰਝਲਦਾਰ ਹੋ ਗਈ ਹੈ ਤੇ ਵੋਟਰ ਸਿਆਣੇ ਹੋ ਗਏ ਹਨ। ਅਜਿਹੀ ਹਾਲਾਤ ’ਚ ਕੋਈ ਵੀ ਸਮਝਦਾਰ ਅਧਿਕਾਰੀ ਕਿਸੇ ਇੱਕ ਪਾਸੇ ਜਾ ਕੇ ਅਪਣੀ ਲਈ ਮੁਸੀਬਤ ਖ਼ੜੀ ਕਰਨ ਬਾਰੇ ਨਹੀਂ ਸੋਚ ਸਕਦਾ ਹੈ। ’’ ਕੁੱਝ ਸਮਾਂ ਪਹਿਲਾਂ ਤੱਕ ਬਠਿੰਡਾ ’ਚ ਤੈਨਾਤ ਰਹੇ ਇੱਕ ਅਧਿਕਾਰੀ ਵਲੋਂ ਸੂਬੇ ਵਿਚ ਬਣਨ ਵਾਲੀ ਸੰਭਾਵੀਂ ਸਰਕਾਰ ਤੇ ਬਠਿੰਡਾ ਤੋਂ ਜਿੱਤਣ ਵਾਲੇ ਆਗੂ ਬਾਰੇ ਪੱਤਰਕਾਰਾਂ ਨਾਲ ਵਾਰ-ਵਾਰ ਤਾਲਮੇਲ ਕਰਕੇ ਪੁੱਛਣ ਦੀ ਸੂਚਨਾ ਹੈ। ਇਸੇ ਤਰ੍ਹਾਂ ਇੱਕ ਹੋਰ ਅਧਿਕਾਰੀ ਨੇ ਅਪਣਾ ਤਜ਼ਰਬਾ ਸਾਂਝਾ ਕਰਦਿਆਂ ਦਸਿਆ ਕਿ ਚੋਣਾਂ ਦੇ ਮੌਸਮ ਵਿਚ ਦਹਾਕਾ ਪਹਿਲਾਂ ਤੱਕ ਕਿਸ ਪਾਰਟੀ ਦੀ ਸਰਕਾਰ ਆਉਂਣੀ ਹੈ ਤੇ ਕਿਹੜਾ ਨੇਤਾ ਜਿੱਤ ਰਿਹਾ ਹੈ, ਦੇ ਬਾਰੇ ਸਪੱਸ਼ਟ ਪਤਾ ਲੱਗ ਜਾਂਦਾ ਸੀ ਪ੍ਰੰਤੂ ਪੰਜਾਬ ਦੇ ਚੌਣ ਮੈਦਾਨ ਵਿਚ ਆਪ ਦੇ ਆਉਣ ਤੋਂ ਬਾਅਦ ਭੰਬਲਭੂਸਾ ਪੈਦਾ ਹੋ ਗਿਆ ਹੈ। ਇਸ ਅਧਿਕਾਰੀ ਨੇ ਦੱਬੀ ਜੁਬਾਨ ਵਿਚ ਇਹ ਵੀ ਗੱਲ ਮੰਨੀ ਕਿ ਰਿਵਾਇਤੀ ਪਾਰਟੀਆਂ ਦੇ ਆਗੂ ਅਧਿਕਾਰੀਆਂ ਨਾਲ ਛੇਤੀ ‘ਅਡਜੇਸਟ’ ਕਰ ਲੈਂਦੇ ਹਨ ਪ੍ਰੰਤੂ ਜੇਕਰ ਸੂਬੇ ਵਿਚ ਆਪ ਦੀ ਸਰਕਾਰ ਬਣ ਗਈ ਤਾਂ ਇੰਨ੍ਹਾਂ ਦੇ ਆਗੂਆਂ ਦਾ ਰਵੱਈਆ ਦੇਖਣ ਵਾਲਾ ਹੋਵੇਗਾ। ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇੱਕ ਸਾਬਕਾ ਅਕਾਲੀ ਵਿਧਾਇਕ ਨੇ ਵੀ ਇਸ ਗੱਲ ਨੂੰ ਸਵੀਕਾਰ ਕਰਦਿਆਂ ਕਿਹਾ ਕਿ ‘‘ ਕੁੱਝ ਸਮਾਂ ਪਹਿਲਾਂ ਚੋਣਾਂ ਦੇ ਦੌਰਾਨ ਹੀ ਅਫ਼ਸਰ ਚੰਗੀਆਂ ਪੋਸਟਾਂ ਲਈ ਜਿੱਤਣ ਵਾਲੀ ਪਾਰਟੀ ਦੇ ਆਗੂਆਂ ਦੀ ਹਾਜ਼ਰੀ ਭਰਨ ਲੱਗ ਜਾਂਦੇ ਸਨ ਪ੍ਰੰਤੂ ਹੁਣ ਅਜਿਹਾ ਨਹੀਂ ਦੇਖਣ ਨੂੰ ਮਿਲ ਰਿਹਾ। ’’ ਕਾਂਗਰਸ ਪਾਰਟੀ ਦੇ ਵੀ ਸਿਰਕੱਢ ਆਗੂ ਨੇ ਹੈਰਾਨੀ ਜਾਹਰ ਕਰਦਿਆਂ ਕਿਹਾ ਕਿ ਚੋਣਾਂ ਦੇ ਦਿਨਾਂ ਤੋਂ ਹੀ ਅਫ਼ਸਰਸਾਹੀ ਦਾ ਵਤੀਰਾ ਬਦਲਿਆ ਨਜਰ ਆ ਰਿਹਾ ਹੈ ਜਦੋਂਕਿ ਆਪ ਆਗੂ ਨੇ ਇਸ ਮਾਮਲੇ ਵਿਚ ਨਵੇਂ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੋਂਦ ਵਿਚ ਆ ਗਈ ਤਾਂ ਅਫ਼ਸਰਸਾਹੀ ਨੂੰ ਇੱਕ ਨਵਾਂ ਤਜਰਬਾ ਦੇਖਣ ਨੂੰ ਮਿਲੇਗਾ। ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਸ਼ਹਿਰ ਦੇ ਸਮਾਜ ਸੇਵੀ ਸਾਧੂ ਰਾਮ ਕੁਸ਼ਲਾ ਨੇ ਕਿਹਾ ਕਿ ‘‘ ਜੇਕਰ ਇਕੱਲੇ ਆਈ.ਏ.ਐਸ ਤੇ ਆਈ.ਪੀ.ਐਸ ਅਫ਼ਸਰ ਹੀ ਸਿਆਸੀ ਆਗੂਆਂ ਦੇ ਗਲਤ ਕੰਮ ਕਰਨ ਤੋਂ ਜਵਾਬ ਦੇਣਾ ਸ਼ੁਰੂ ਕਰ ਦੇਣ ਤਾਂ ਪੰਜਾਬ ਦੀ ਕਿਸਮਤ ਬਦਲ ਸਕਦੀ ਹੈ। ’’

LEAVE A REPLY

Please enter your comment!
Please enter your name here