ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 26 ਮਈ: ਪੰਜਾਬ ਰਾਜ ਦੇ ਜ਼ਮੀਨਦੋਜ਼ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਿਹਾ ਨਿਘਾਰ ਪੰਜਾਬ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਇਸ ਸਮੱਸਿਆ ਨੂੰ ਠੱਲ ਪਾਉਣ ਲਈ ਇਸ ਵਾਰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਇਸ ਸੰਬੰਧੀ ਸਰਕਾਰ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਮਾਲੀ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ। ਬਠਿੰਡਾ ਜ਼ਿਲੇ ਵਿਚ ਵੀ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ.ਇਸੇ ਲੜੀ ਤਹਿਤ ਬਲਾਕ ਮੌੜ ਦੇ ਬਲਾਕ ਖੇਤੀਬਾੜੀ ਅਫ਼ਸਰ ਡਾ . ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਖੇਤੀਬਾਡੀ ਵਿਕਾਸ ਅਫਸਰ ਡਾ .ਸੰਦੀਪ ਸਿੰਘ ਵੱਲੋਂ ਪਿੰਡ ਜੋਧਪੁਰ ਪਾਖਰ ਵਿਖੇ ਅਗਾਂਹਵਧੂ ਕਿਸਾਨ ਪ੍ਰੀਤਮ ਸਿੰਘ ਪੁੱਤਰ ਚਾਨਣ ਸਿੰਘ ਦੇ ਖੇਤ ਵਿੱਚ ਤਰ ਵੱਤਰ ਵਿਧੀ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਸੁਰੂ ਕਰਵਾਈ ਗਈ ਅਤੇ ਕਿਸਾਨ ਨਾਲ ਇਸ ਤਕਨੀਕ ਦੀਆਂ ਬਾਰੀਕੀਆਂ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਲਾਲ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਗੁਰਬਿੰਦਰ ਸਿੰਘ ਸਹਾਇਕ ਤਕਨੀਕੀ ਮੈਨੇਜਰ ਵੀ ਹਾਜ਼ਰ ਸਨ।
6 Views