ਸੁਖਜਿੰਦਰ ਮਾਨ
ਬਠਿੰਡਾ, 29 ਸਤੰਬਰ– ਗੁਲਾਬੀ ਸੁੰਡੀ ਕਰਕੇ ਨਰਮੇ ਦੀ ਫਸਲ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਲੈਣ ਅਤੇ ਨਕਲੀ ਕੀਟਨਾਸਕ ਦਵਾਈਆਂ ਤੇ ਬੀਜ ਵੇਚਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਣ ਦੀ ਵਿਉਂਤਬੰਦੀ ਕਰਨ ਲਈ ਅੱਜ ਸਥਾਨਕ ਗੁਰਦੂਆਰਾ ਹਾਜੀਰਤਨ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪੰਜ ਜ਼ਿਲ੍ਹਿਆਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ, ਮਾਨਸਾ ਦੇ ਇੰਦਰਜੀਤ ਸਿੰਘ ਝੱਬਰ , ਮੁਕਤਸਰ ਸਾਹਿਬ ਦੇ ਪ੍ਰਧਾਨ ਪੂਰਨ ਸਿੰਘ ਦੋਦਾ, ਫਾਜਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀ ਵਾਲਾ ਅਤੇ ਫਰੀਦਕੋਟ ਤੋਂ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਨੇ ਕਿਹਾ ਕਿ ਇਸ ਵਾਰ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਦਾ 100% ਨੁਕਸਾਨ ਕਰ ਦਿੱਤਾ ਹੈ ਜਦੋਂਕਿ ਇਸਤੋਂ ਪਹਿਲਾਂ ਵੀ ਜਿਆਦਾ ਬਾਰਸ਼ ਕਾਰਨ ਨਰਮੇ ਦੀ ਫਸਲ ਖਰਾਬ ਹੋ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ 60 ਹਜ਼ਾਰ ਤੇ ਮਜਦੂਰਾਂ ਨੂੰ ਪ੍ਰਤੀ ਪ੍ਰਵਾਰ 30 ਹਜ਼ਾਰ ਦਾ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧ ਵਿਚ ਡੀਸੀ ਦਫਤਰਾਂ ਅੱਗੇ ਧਰਨੇ ਦੇਣ ਅਤੇ ਨਰਮਾ ਪੱਟੀ ਦੇ ਪਿੰਡਾ ਚ ਝੰਡਾਂ ਮਾਰਚ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸਤੋਂ ਇਲਾਵਾ ਜਥੇਬੰਦੀ ਇੱਕ ਵਫ਼ਦ ਅੱਜ ਖੇਤੀ ਵਿਰੋਧੀ ਕਾਨੂੰਨਾਂ ਦੇ ਮੋਰਚੇ ਵਿੱਚ ਸਹੀਦ ਹੋਏ ਕਿਸਾਨਾਂ / ਮਜਦੂਰਾਂ ਦੇ ਵਾਰਸਾਂ ਨੂੰ ਮੁਆਵਜਾ ਅਤੇ ਨੌਕਰੀ ਦਿਵਾਉਣ ਲਈ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਵਿਚ ਏ. ਡੀ. ਸੀ. ਨੂੰ ਵੀ ਮਿਲਿਆ।
31 Views