ਨਵਜੋਤ ਸਿੱਧੂ,ਅਰੁਣਾ ਚੌਧਰੀ, ਪਰਗਟ ਸਿੰਘ ਤੇ ਸੰਗਤ ਸਿੰਘ ਗਿਲਜੀਆ ਸਣੇ ਪੰਜਾਬ ਦੇ ਜੱਥੇ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਅਕੀਦਤ ਭੇਂਟ

0
22
ਭਾਈਚਾਰਕ ਸਾਂਝ, ਖੁਸ਼ਹਾਲੀ, ਸ਼ਾਂਤੀ ਅਤੇ ਆਪਸੀ ਸਦਭਾਵਨਾ ਲਈ ਕੀਤੀ ਅਰਦਾਸ*
ਸੁਖਜਿੰਦਰ ਮਾਨ
ਸ੍ਰੀ ਕਰਤਾਰਪੁਰ ਸਾਹਿਬ/ਡੇਰਾ ਬਾਬਾ ਨਾਨਕ, 20 ਨਵੰਬਰ: ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਉਤੇ ਪੰਜਾਬ ਸਰਕਾਰ ਦੇ ਜੱਥੇ ਵੱਲੋਂ ਅੱਜ ਲਗਾਤਾਰ ਤੀਜੇ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਗਏ। ਜੱਥੇ ਵੱਲੋਂ ਭਾਈਚਾਰਕ ਸਾਂਝ, ਇਸ ਖ਼ਿੱਤੇ ਦੇ ਲੋਕਾਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਆਪਸੀ ਸਦਭਾਵਨਾ ਲਈ ਅਰਦਾਸ ਵੀ ਕੀਤੀ ਗਈ।
ਜੱਥੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ
, ਮਾਲ ਤੇ ਮੁੜ ਵਸੇਬਾ ਮੰਤਰੀ ਅਰੁਣਾ ਚੌਧਰੀ, ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸੰਗਤ ਸਿੰਘ ਗਿਲਜੀਆ ਵਰਕਿੰਗ ਪ੍ਰਧਾਨ ਪਵਨ ਗੋਇਲ, ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਅਮਿਤ ਵਿੱਜ ਤੇ ਰਾਜਿੰਦਰ ਸਿੰਘ ਅਤੇ ਸ਼ਾਮਲ ਸਨ।
ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਉਹ ਪਾਵਨ ਅਸਥਾਨ ਹੈ ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਬਤੀਤ ਕੀਤਾ ਅਤੇ ਹੱਥੀਂ ਖੇਤੀ ਕਰਕੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦੇ ਸਿਧਾਂਤ ਨੂੰ ਹਕੀਕੀ ਰੂਪ ਦਿੱਤਾ। ਉਨ੍ਹਾਂ ਕਿਹਾ ਕਿ ਇੱਥੋਂ ਸਮੁੱਚੀ ਲੋਕਾਈ ਨੂੰ ਗੁਰੂ ਸਾਹਿਬਾਨ ਵੱਲੋੰ ਹਲੀਮੀ, ਏਕਤਾ, ਸ਼ਾਂਤੀ ਅਤੇ ਭਲਾਈ ਦੇ ਮਾਰਗ ਉਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਪਿਆਰ, ਸਾਂਝੀਵਾਲਤਾ ਅਤੇ ਸਦਭਾਵਨਾ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਲਾਂਘਾ ਸਾਡੇ ਗੁਰੂ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਹਿਮ ਸਾਬਤ ਹੋਵੇਗਾ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉਤੇ ਕਰੀਬ ਡੇਢ ਸਾਲ ਬਾਅਦ ਮੁੜ ਖੁੱਲ੍ਹੇ ਲਾਂਘੇ ਤੋਂ ਬਾਅਦ ਅੱਜ ਤੀਜੇ ਦਿਨ ਪਾਕਿਸਤਾਨ ਸਥਿਤ ਨਾਰੋਵਾਲ ਵਿਖੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੰਜਾਬ ਦਾ ਜੱਥਾ ਸਵੇਰੇ 11 ਵਜੇ ਸਰਹੱਦ ਪਾਰ ਗਿਆ।ਇਸ ਤੋਂ ਪਹਿਲਾ ਡੇਰਾ ਬਾਬਾ ਨਾਨਕ ਵਿਖੇ ਬਣੇ ਸ੍ਰੀ ਕਰਤਾਰਪੁਰ ਸਾਹਿਬ ਟਰਮੀਨਲ ਵਿਖੇ ਪੁੱਜੇ ਜੱਥੇ ਦਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਤੇ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਹਰਪ੍ਰੀਤ ਸਿੰਘ ਨੇ ਸਵਾਗਤ ਕੀਤਾ।

LEAVE A REPLY

Please enter your comment!
Please enter your name here