ਪਿੰਡ ਬਾਮ ‘ਚ ਹੋਏ ਦੂਹਰੇ ਕਤਲ ਕਾਂਡ ਦਾ ਮੁਲਜ਼ਮ ਅਸਲੇ ਸਮੇਤ ਕਾਬੂ

0
1
29 Views
  1. ਚੱਕ ਚਿੱਬੜਾਵਾਲੀ ਤੋਂ ਅਸਲ੍ਹਾ ਚੋਰੀ ਕਰਨ ਸਬੰਧੀ ਵੀ ਹੋਇਆ ਖੁਲਾਸਾ
    ਚੱਕ ਸ਼ੇਰੇਵਾਲਾ ਵਿਖੇ ਇੱਕ ਘਰ ਵਿੱਚ ਦਾਖਲ ਹੋ ਕੇ, ਪਿਛਲੇ ਦਿਨੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੀਤੀ ਗਈ ਕੋਸ਼ਿਸ਼ ਵੀ ਟਰੇਸ ਕਰਨ ਵਿੱਚ ਪੁਲਿਸ ਨੂੰ ਮਿਲੀ ਸਫਲਤਾ
  2. ਸੁਖਜਿੰਦਰ ਮਾਨ
    ਸ਼੍ਰੀ ਮੁਕਤਸਰ ਸਾਹਿਬ,4 ਜੁਲਾਈ:  ਦੋ ਦਿਨ ਪਹਿਲਾਂ ਥਾਣਾ ਸਦਰ ਮਲੋਟ ਅਧੀਨ ਪੈਂਦੇ ਪਿੰਡ ਬਾਮ ਵਿਖੇ ਸਾਂਝੀ ਕੰਧ ਕੱਢਣ ਨੂੰ ਲੈ ਕੇ ਹੋਈ ਲੜਾਈ ਵਿੱਚ ਗੋਲੀਆਂ ਚਲਾ ਕੇ ਪਿਉ-ਪੁੱਤ ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਹਥਿਆਰਾਂ ਸਹਿਤ ਗਿ੍ਫਤਾਰ ਕਰ ਲਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦਿਆਂ ਦੋ ਹੋਰ ਵੱਡੇ ਮਾਮਲਿਆਂ ਨੂੰ ਵੀ ਹੱਲਕਰ ਲਿਆ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਸ਼੍ਰੀ ਧਰੁਮਨ ਐੱਚ. ਨਿੰਬਾਲੇ ਨੇ ਦਸਿਆ ਕਿ 2 ਜੁਲਾਈ ਨੂੰ ਇੱਕ ਇਤਲਾਹ ਮੌਸੂਲ ਹੋਈ ਕਿ ਘਰ ਦੀ ਜਗ੍ਹਾ ਦੇ ਰੌਲੇ ਨੂੰ ਲੈ ਕੇ ਹਰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਬਾਮ ਨੇ ਆਪਣੇ ਤਾਏ ਮਿੱਠੂ ਸਿੰਘ, ਦਾਦੇ ਦੇ ਭਰਾ ਜਰਨੈਲ ਸਿੰਘ ਅਤੇ ਦਾਦੀ ਨਸੀਬ ਕੌਰ ਪਤਨੀ ਜਰਨੈਲ ਸਿੰਘ ਦੇ ਗੋਲੀਆ ਮਾਰ ਦਿੱਤੀਆਂ ਹਨ। ਜਿਸ ਨਾਲ ਮਿੱਠੂ ਸਿੰਘ ਅਤੇ ਜਰਨੈਲ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਨਸੀਬ ਕੌਰ ਗੰਭੀਰ ਜਖਮੀ ਹੈ। ਜਿਸ ਤੇ ਥਾਣੇਦਾਰ ਨਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਨੇ ਪਿੰਡ ਬਾਮ ਪੁੱਜ ਕੇ, ਭਗਵਾਨ ਸਿੰਘ ਪੁੱਤਰ ਜਰਨੈਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਬਾਮ ਦੇ ਬਿਆਨ ਦੇ ਅਧਾਰ ਪਰ ਮੁਕੱਦਮਾ ਨੰਬਰ 85 ਮਿਤੀ 02.07.2022 ਅ/ਧ 302,307,449 ਹਿੰ.ਦੰ. 25,27-54-59 ਅਸਲਾ ਐਕਟ ਥਾਣਾ ਸਦਰ ਮਲੋਟ ਦਰਜ ਰਜਿਸਟਰ ਕੀਤਾ ਗਿਆ।
    ਇਸ ਸਬੰਧੀ ਪੁਲਿਸ ਵੱਲੋਂ ਕਥਿਤ ਦੋਸ਼ੀ ਹਰਦੀਪ ਸਿੰਘ ਦੀ ਗ੍ਰਿਫਤਾਰੀ ਲਈ ਵੱਖ ਵੱਖ ਥਾਵਾਂ ਪਰ ਰੇਡ ਕੀਤੇ ਗਏ। ਹੁਣ ਉਸਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਰਿਮਾਂਡ ਹਾਸਲ ਕੀਤਾ।
    ਦੌਰਾਨੇ ਤਫਤੀਸ਼ ਕਥਿਤ ਦੋਸ਼ੀ ਹਰਦੀਪ ਸਿੰਘ ਨੇ ਮੰਨਿਆਂ ਹੈ ਕਿ ਉਕਤ ਵਾਰਦਾਤ ਵਿੱਚ ਜੋ ਪਿਸਤੌਲ ਉਸ ਵੱਲੋਂ ਵਰਤਿਆ ਗਿਆ ਸੀ ਉਹ ਪਿਸਤੌਲ ਅਪਣੇ ਪਿੰਡ ਦੇ ਹੀ ਕ੍ਰਿਸ਼ਨ ਕੁਮਾਰ ਉਰਫ ਗਲੋਅ ਪਾਸੋਂ ਲਿਆ ਸੀ। ਜਿਸ ਤੇ ਕ੍ਰਿਸ਼ਨ ਕੁਮਾਰ ਉਰਫ ਗਲੋਅ ਨੂੰ ਮੁਕੱਦਮੇ ਵਿੱਚ ਨਾਮਜਦ ਕਰਕੇ ਗਿ੍ਫ਼ਤਾਰ ਕੀਤਾ ਗਿਆ।
    ਕ੍ਰਿਸ਼ਨ ਕੁਮਾਰ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕਰਨ ਤੇ ਉਸ ਨੇ ਮੰਨਿਆਂ ਕਿ ਉਕਤ ਵਕੂਆ ਸਮੇਂ ਵਰਤਿਆਂ ਗਿਆ .32 ਬੋਰ ਰਿਵਾਲਵਰ ਉਸ ਨੇ ਚੱਕ ਚਿੱਬੜਾਂਵਾਲੀ ਦੀ ਢਾਣੀ ਵਿੱਚੋਂ ਚੋਰੀ ਕੀਤਾ ਸੀ। ਉਸ ਨੇ ਇਹ ਵੀ ਮੰਨਿਆ ਕਿ ਇੱਕ 12 ਬੋਰ ਰਾਈਫਲ ਅਤੇ ਹੋਰ ਕੀਮਤੀ ਸਮਾਨ ਵੀ ਉੱਥੋਂ ਚੋਰੀ ਕੀਤਾ ਸੀ। ਕ੍ਰਿਸ਼ਨ ਕੁਮਾਰ ਨੇ ਮੰਨਿਆ ਕਿ ਉਸ ਨੇ ਅਤੇ ਉਸ ਦੇ ਸਾਥੀ ਅਕਾਸ਼ਦੀਪ ਉਰਫ ਬਾਬਾ ਅਤੇ ਇੱਕ ਹੋਰ ਸਾਥੀ ਨੇ ਰਲ ਕੇ, ਚੱਕ ਸ਼ੇਰੇਵਾਲਾ ਵਿੱਚ ਪਿਸਤੌਲ ਦੀ ਨੋਕ ਪਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਘਰ ਦੇ ਮੈਂਬਰ ਉੱਠਣ ਕਰਕੇ, ਚੋਰੀ ਕਰਨ ਵਿੱਚ ਅਸਫਲ ਰਹੇ।
    ਹਰਦੀਪ ਸਿੰਘ ਉਕਤ ਦੀ ਪੁੱਛ-ਗਿੱਛ ਦੌਰਾਨ ਉਸਦੀ ਨਿਸ਼ਾਨਦੇਹੀ ਪਰ ਵਕੂਆ ਦੌਰਾਨ ਵਰਤਿਆ ਗਿਆ .32 ਬੋਰ ਰਿਵਾਲਵਰ ਸਮੇਤ 04 ਖੋਲ ਅਤੇ ਇੱਕ ਜਿੰਦਾ ਕਾਰਤੂਸ ਬ੍ਰਾਮਦ ਕੀਤਾ ਗਿਆ ਅਤੇ ਕ੍ਰਿਸ਼ਨ ਕੁਮਾਰ ਉਰਫ ਗਲੋਅ ਦੀ ਨਿਸ਼ਾਨਦੇਹੀ ਪਰ 12 ਬੋਰ ਰਾਈਫਲ ਸਮੇਤ 21 ਕਾਰਤੂਸ ਜਿੰਦਾ ਬ੍ਰਾਮਦ ਕੀਤੀ ਗਈ। ਜਿਲ੍ਹਾ ਪੁਲਿਸ ਮੁਖੀ ਵੱਲੋਂ ਦੱਸਿਆ ਗਿਆ ਕਿ ਚੱਕ ਚਿੱਬੜਾਂਵਾਲੀ ਵਿਖੇ ਹੋਈ ਚੋਰੀ ਦੀ ਵਾਰਦਾਤ ਸਬੰਧੀ ਜੋ ਮੁਕੱਦਮਾ ਨੰਬਰ 39 ਮਿਤੀ 13.05.2022 ਅ/ਧ 457,380 ਹਿੰ ਦੰ ਥਾਣਾ ਲੱਖੇਵਾਲੀ ਅਤੇ ਪਿੰਡ ਚੱਕ ਸ਼ੇਰੇਵਾਲਾ ਵਿਖੇ ਹੋਈ ਵਾਰਦਤ ਸਬੰਧੀ ਮੁਕੱਦਮਾ ਨੰਬਰ 47 ਮਿਤੀ 24.06.2022 ਅ/ਧ 458,393,34 ਹਿੰ.ਦੰ. ਥਾਣਾ ਲੱਖੇਵਾਲੀ ਵਿਖੇ ਦਰਜ ਕੀਤੇ ਗਏ ਸਨ।

LEAVE A REPLY

Please enter your comment!
Please enter your name here