ਸੁਖਜਿੰਦਰ ਮਾਨ
ਬਠਿੰਡਾ, 06 ਸਤੰਬਰ : ਪਿਛਲੇ ਕਈ ਮਹੀਨਿਆਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਪੀਆਰਟੀਸੀ ਤੇ ਪਨਬਸ ਦੇ ਕੱਚੇ ਕਾਮਿਆਂ ਵਲੋਂ ਅੱਜ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰਦਿਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਕਾਮਿਆਂ ਦੀ ਹੜਤਾਲ ਕਾਰਨ ਪੀਆਰਟੀਸੀ ਦੀਆਂ ਇੱਕ ਚੌਥਾਈ ਬੱਸਾਂ ਹੀ ਸੜਕਾਂ ’ਤੇ ਦੋੜ ਸਕੀਆਂ। ਇਸਤੋਂ ਇਲਾਵਾ ਇਸ ਹੜਕਾਲ ਕਾਰਨ ਇਕੱਲੀ ਪੀਆਰਟੀਸੀ ਨੂੰ ਪ੍ਰਤੀ ਦਿਨ ਇੱਕ ਕਰੋੜ 10 ਲੱਖ ਰੁਪਏ ਤੋਂ ਵੱਧ ਦਾ ਆਰਥਿਕ ਘਾਟਾ ਵੀ ਸਹਿਣਾ ਪਿਆ। ਪੀਆਰਟੀਸੀ ਦੇ ਅਧਿਕਾਰੀਆਂ ਮੁਤਾਬਕ ਪੱਕੇ ਕਾਮਿਆਂ ਦੇ ਰਾਹੀਂ ਜਿਆਦਾਤਰ ਲੰਮੇ ਰੂਟਾਂ ਤੇ ਪੀਆਰਟੀਸੀ ਦੀ ਮਨੋਪਲੀ ਵਾਲੇ ਰੂਟਾਂ ’ਤੇ ਬੱਸਾਂ ਨੂੰ ਚਲਾਇਆ ਗਿਆ। ਬਠਿੰਡਾ ਡਿੱਪੂ ਦੀਆਂ ਕੁੱਲ 186 ਬੱਸਾਂ ਵਿਚੋਂ 30 ਦੇ ਕਰੀਬ ਬੱਸਾਂ ਚੱਲੀਆਂ। ਉਜ ਪੀਆਰਟੀਸੀ ਦੇ ਕਾਮਿਆਂ ਦੀ ਇਹ ਹੜਤਾਲ ਪ੍ਰਾਈਵੇਟ ਟ੍ਰਾਂਸਪੋਟਰਾਂ ਨੂੰ ਕਾਫ਼ੀ ਫ਼ਾਈਦਾ ਪੁੱਜਿਆ ਹੈ। ਉਧਰ ਬਠਿੰਡਾ ਬੱਸ ਸਟੈਂਡ ਵਿਖੇ ਸ਼ੁਰੂ ਕੀਤੇ ਰੋਸ਼ ਧਰਨੇ ਵਿਚ ਬੋਲਦਿਆਂ ਸੂਬਾ ਸਕੱਤਰ ਕੁਲਵੰਤ ਸਿੰਘ, ਡਿੱਪੂ ਪ੍ਰਧਾਨ ਸੰਦੀਪ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ ਝਨੀਰ ,ਕੈਸ਼ੀਅਰ ਰਵਿੰਦਰ ਸਿੰਘ, ਡਿਪੂ ਸੈਕਟਰੀ ਕੁਲਦੀਪ ਸਿੰਘ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਅਪਣੀ ਹੜਤਾਲ ਜਾਰੀ ਰੱਖਣਗੇ। ਗੌਰਤਲਬ ਹੈ ਕਿ ਜਥੇਬੰਦੀ ਵਲੋਂ ਕੱਚੇ ਕਾਮਿਆਂ ਨੂੰ ਪੱਕਾ ਕਰਨ, ਪੀਆਰਟੀਸੀ ਵਿਚ 10 ਹਜ਼ਾਰ ਬੱਸ ਨਵੀਂ ਪਾਉਣ ਤੇ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਤੇ ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਪੀਆਰਟੀਸੀ ਕਾਮਿਆਂ ਵਲੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ
2 Views