[vsrp vsrp_id=”” class=””]ਸੌਦਾ ਸਾਧ ਦੇ ਕੁੜਮ ਸਹਿਤ ਸਮਰਥਨ ਪ੍ਰਾਪਤ ਸਾਰੇ ਉਮੀਦਵਾਰ ਹਾਰੇ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਾਰਚ: ਗੁਰੂਆਂ-ਪੀਰਾਂ ਦੀ ਧਰਤੀ ਮੰਨੇ ਜਾਣ ਵਾਲੇ ਪੰਜਾਬ ਵਿਚ ਸਿਆਸੀ ਆਗੂਆਂ ਦੇ ਕਧੇੜੇ ਚੜ ਕੇ ਮੁੜ ਉਨ੍ਹਾਂ ਨੂੰ ਚੋਣਾਂ ਵੇਲੇ ਉਗਲਾਂ ’ਤੇ ਨਚਾਉਣ ਵਾਲੇ ਡੇਰਿਆਂ ਦੀ ‘ਫ਼ੂਕ’ ਨਿਕਲ ਗਈ ਹੈ। ਇੰਨ੍ਹਾਂ ਵਿਚੋਂ ਹੁਣ ਤੱਕ ਖੁਦ ਨੂੰ ਸਭ ਤੋਂ ਵੱਧ ਪ੍ਰੇਮੀਆਂ ਵਾਲਾ ਡੇਰਾ ਦੱਸਣ ਵਾਲੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦਾ ਕੁੜਮ ਬੁਰੀ ਤਰ੍ਹਾਂ ਹਾਰ ਗਿਆ ਹੈ, ਬਲਕਿ ਸੌਦਾ ਸਾਧ ਦਾ ਸਮਰਥਨ ਪ੍ਰਾਪਤ ਕਰਨ ਦਾ ਦਾਅਵਾ ਕਰਨ ਵਾਲੇ ਸਾਰੇ ਉਮੀਦਵਾਰਾਂ ਦੇ ਹੱਥ ਨਮੋਸ਼ੀ ਲੱਗੀ ਹੈ। ਇਸੇ ਤਰ੍ਹਾਂ ਅੰਦਰਖ਼ਾਤੇ ਹਰ ਚੋਣਾਂ ’ਚ ਅਪਣਾ ਸਿਆਸੀ ਪ੍ਰਭਾਵ ਹੋਣ ਦਾ ਦਾਅਵਾ ਕਰਨ ਵਾਲੇ ਨੂਰਮਹਿਲੀਆਂ ਤੇ ਹੋਰਨਾਂ ਡੇਰਿਆਂ ਵੀ ਅਪਣਾ ਕੋਈ ਪ੍ਰਭਾਵ ਨਹੀਂ ਦਿਖ਼ਾ ਸਕੇ। ਦੱਸਣਾ ਬਣਦਾ ਹੈ ਕਿ ਖੁਦ ਦਾ ਮਾਲਵਾ ਖੇਤਰ ’ਚ ਵੱਡਾ ਪ੍ਰਭਾਵ ਦੱਸਣ ਵਾਲੇ ਡੇਰਾ ਸਿਰਸਾ ਵਲੋਂ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਹੀ ਅੰਦਰਖ਼ਾਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਸਮਰਥਨ ਕਰਕੇ ਉਨ੍ਹਾਂ ਨੂੰ ਜਿੱਤ ਦਿਵਾਉਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ। ਪ੍ਰੰਤੂ 2007 ਵਿਚ ਜਨਤਕ ਤੌਰ ’ਤੇ ਕਾਂਗਰਸ ਦਾ ਸਮਰਥਨ ਕੀਤਾ ਗਿਆ ਪ੍ਰੰਤੂ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ। ਜਿਸਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਪੈਦਾ ਹੋਏ ਤਨਾਅ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ, ਜਿਸਦਾ ਸੰਤਾਪ ਹਾਲੇ ਵੀ ਸੂਬੇ ਦੇ ਸੈਂਕੜੇ ਪ੍ਰਵਾਰ ਭੁਗਤਦੇ ਆ ਰਹੇ ਹਨ। ਇਸਤੋਂ ਬਾਅਦ 2012 ਵਿਚ ਮੁੜ ਕਾਂਗਰਸ ਦਾ ਸਾਥ ਦਿੱਤਾ ਗਿਆ ਪਰ ਸੂਬੇ ਵਿਚ ਮੁੜ ਅਕਾਲੀ ਸਰਕਾਰ ਬਣ ਗਈ ਜਦੋਂਕਿ 2017 ਵਿਚ ਖੁੱਲੇ ਤੌਰ ‘ਤੇ ਅਕਾਲੀ ਉਮੀਦਵਾਰ ਦੀ ਮੱਦਦ ਕੀਤੀ ਪਰ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਇਤਿਹਾਸਕ ਜਿੱਤ ਹੋਈ। ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਡੇਰਾ ਪ੍ਰੇਮੀਆਂ ਵਲੋਂ ਅੰਦਰਖ਼ਾਤੇ ਅਕਾਲੀ-ਭਾਜਪਾ ਉਮੀਦਵਾਰ ਦੀ ਮੱਦਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ਇਸਦੇ ਲਈ ਹਰਿਆਣਾ ਦੀ ਸੁਨਾਰੀਆ ਜੇਲ੍ਹ ’ਚ ਬਲਾਤਕਾਰ ਤੇ ਕਤਲ ਦੇ ਦੋਸ਼ਾਂ ਹੇਠ ਬੰਦ ਸੌਦਾ ਸਾਧ ਨੂੰ ਭਾਜਪਾ ਸਰਕਾਰ ਵਲੋਂ 21 ਦਿਨਾਂ ਦੀ ਫ਼ਰਲੋਂ ਦੇਣ ਪਿੱਛੇ ਵੀ ਸਿਆਸੀ ਲਾਹਾ ਲੈਣ ਦੇ ਦੋਸ਼ ਲੱਗੇ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨ੍ਹਾਂ ਚੋਣਾਂ ਵਿਚ ਅਜਾਦ ਉਮੀਦਵਾਰ ਵਜੋਂ ਤਲਵੰਡੀ ਸਾਬੋ ਹਲਕੇ ਤੋਂ ਚੋਣ ਮੈਦਾਨ ਵਿਚ ਨਿੱਤਰੇ ਸੌਦਾ ਸਾਧ ਦੇ ਕੁੜਮ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਸਿਰਫ਼ 12,623 ਵੋਟਾਂ ਹੀ ਨਸੀਬ ਹੋਈਆਂ ਹਨ। ਹਾਲਾਂਕਿ ਚੋਣ ਮੈਦਾਨ ਵਿਚ ਨਿੱਤਰਨ ਤੋਂ ਲੈ ਕੇ ਚੋਣ ਪ੍ਰਚਾਰ ਦਾ ਸਾਰਾ ਕੰਮ ਡੇਰਾ ਪ੍ਰੇਮੀਆਂ ਨੇ ਹੀ ਸੰਭਾਲਿਆ ਹੋਇਆ ਸੀ। ਚਰਚਾ ਮੁਤਾਬਕ ਇੱਥੋਂ ਕਾਂਗਰਸੀ ਤੇ ਅਕਾਲੀ ਉਮੀਦਵਾਰ ਤੋਂ ਔਖੇ ਵਰਕਰਾਂ ਨੇ ਵੀ ਅੰਦਰਖ਼ਾਤੇ ਜੱਸੀ ਦਾ ਸਾਥ ਦਿੱਤਾ ਸੀ, ਜਿਸਦੇ ਚੱਲਦੇ ਡੇਰਾ ਪ੍ਰੇਮੀਆਂ ਦਾ ਬੋਝਾ ਕੁੱਲ ਮਿਲਾ ਕੇ ਖਾਲੀ ਹੀ ਨਿਕਲਿਆ ਹੈ।
ਪੰਜਾਬ ’ਚ ਡੇਰਿਆਂ ਦਾ ਇਸ ਵਾਰ ਵੀ ਨਹੀਂ ਚੱਲਿਆ ਜਾਦੂ
48 Views