ਮਾਲਵਾ ਪੱਟੀ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਦੇ ਕਿਸਾਨ ਆਏ ਮਾਰ ’ਚ
ਪੰਜਾਬ ਵਿੱਚ ਹੁਣ ਤੱਕ 185 ਲੱਖ ਮੀਟਰਕ ਟਨ ਝੋਨਾ ਪੁੱਜਿਆ
ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ: ਕੇਂਦਰ ਸਰਕਾਰ ਨੇ ਪਹਿਲੀ ਵਾਰ ਝੋਨੇ ਦੀ ਆਮਦ ਦੇ ਬਾਵਜੂਦ ਮੰਡੀਆਂ ’ਚ ਖ਼ਰੀਦ ਦਾ ਕੰਮ ਬੰਦ ਕਰ ਦਿੱਤਾ ਹੈ। ਕੇਂਦਰ ਦੀਆਂ ਹਿਦਾਇਤਾਂ ’ਤੇ ਪੰਜਾਬ ਸਰਕਾਰ ਨੇ ਵੀ ਭਲਕ ਤੋਂ ਮੰਡੀਆਂ ’ਚ ਝੋਨੇ ਦੀ ਆਮਦ ਬੰਦ ਕਰਨ ਦੇ ਹੁਕਮ ਚਾੜ ਦਿੱਤੇ ਹਨ। ਉਜ ਸੂਬੇ ’ਚ ਬਣਾਈਆਂ 849 ਆਰਜੀ ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਕੰਮ ਦੋ ਦਿਨ ਪਹਿਲਾਂ ਹੀ ਬੰਦ ਹੋ ਗਿਆ ਸੀ। ਜਿਸਤੋਂ ਬਾਅਦ ਹੁਣ ਮੰਡੀ ਬੋਰਡ ਵੱਲੋਂ 1873 ਨੋਟੀਫਾਈਡ ਮੰਡੀਆਂ ਸਮੇਤ 2722 ਖਰੀਦ ਕੇਂਦਰਾਂ ਵਿਚ ਭਲਕ ਤੋਂ ਝੋਨੇ ਦੀ ਖਰੀਦੋ-ਫਰੌਖਤ ਦਾ ਕੰਮ ਬੰਦ ਹੋ ਜਾਵੇਗਾ। ਹਾਲਾਂਕਿ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਅਧਿਕਾਰੀਆਂ ਨੇ ਅੱਜ ਸ਼ਾਮ ਤੱਕ ਮੰਡੀਆਂ ’ਚ ਪੁੱਜ ਚੁੱਕੇ ਝੋਨੇ ਨੂੰ ਖ਼ਰੀਦਣ ਲਈ ਕਿਹਾ ਹੈ। ਪਤਾ ਲੱਗਿਆ ਹੈ ਕਿ ਮਾਝਾ, ਦੁਆਬਾ ਅਤੇ ਪੁਆਧ ਖੇਤਰ ਵਿਚ ਝੋਨੇ ਦੀ ਆਮਦ ਦਾ ਕੰਮ ਮੁਕੰਮਲ ਹੋਣਦੇ ਕਿਨਾਰੇ ਹੈ ਪ੍ਰੰਤੂ ਦੱਖਣੀ ਮਾਲਵਾ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਦੇ ਕਿਸਾਨ ਕਸੁੂਤੇ ਫ਼ਸ ਗਏ ਹਨ। ਬੇਮੌਸਮੀ ਬਾਰਸਾਂ ਤੇ ਮੌਸਮ ਠੰਢਾ ਰਹਿਣ ਕਾਰਨ ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ ਤੇ ਬਰਨਾਲਾ ਆਦਿ ਜ਼ਿਲ੍ਹਿਆਂ ਵਿਚ ਹਾਲੇ ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਨਹੀਂ ਹੋ ਸਕਿਆ ਹੈ। ਖਰੀਦ ਨਾਲ ਜੁੜੇ ਸੂਤਰਾਂ ਮੁਤਾਬਕ ਸਰਕਾਰ ਖ਼ਰੀਦ ਬੰਦ ਹੋਣ ਕਾਰਨ ਝੋਨਾ ਵੇਚਣ ਤੋਂ ਵਾਂਝੇ ਰਹਿ ਗਏ ਕਿਸਾਨਾਂ ਨੂੰ ਸਸਤੇ ਭਾਅ ਉਪਰ ਅਪਣਾ ਝੋਨਾ ਪ੍ਰਾਈਵੇਟ ਵਪਾਰੀਆਂ ਨੂੰ ਵੇਚਣਾ ਪਏਗਾ। ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਸਰਕਾਰ ਵਲੋਂ ਇਸ ਵਾਰ ਝੋਨੇ ਦੀ ਖ਼ਰੀਦ ਦਾ ਕੰਮ ਤਿੰਨ ਹਫ਼ਤੇ ਪਹਿਲਾਂ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਜਿਕਰ ਕਰਨਾ ਬਣਦਾ ਹੈ ਕਿ ਹੁਣ ਤੱਕ ਪੰਜਾਬ ’ਚ 1 ਅਕਤੂਬਰ ਤੋਂ ਸ਼ੁਰੂ ਹੋ ਕੇ 30 ਨਵੰਬਰ ਤੱਕ ਝੋਨੇ ਦੀ ਖ਼ਰੀਦ ਦਾ ਕੰਮ ਚਲਦਾ ਹੈ। ਮੰਡੀਕਰਨ ਬੋਰਡ ਦੇ ਅਧਿਕਾਰੀਆਂ ਮੁਤਾਬਕ ਅੱਜ ਤੱਕ ਪੰਜਾਬ ਦੀਆਂ ਮੰਡੀਆਂ ਵਿਚ 185 ਲੱਖ ਮੀਟਰਕ ਟਨ ਝੋਨਾ ਪੁੱਜ ਚੁੱਕਾ ਹੈ ਜਦੋਂਕਿ ਕੇਂਦਰ ਨੇ ਇਸ ਵਾਰ 170 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਰੱਖਿਆ ਸੀ। ਆਮਦ ਵਿੱਚੋਂ 181.09 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਦਸਣਾ ਬਣਦਾ ਹੈ ਕਿ ਅਜਿਹਾ ਟੀਚਾ ਪਿਛਲੇ ਵਾਰ ਪ੍ਰਾਈਵੇਟ ਵਪਾਰੀਆਂ, ਆੜਤੀਆਂ ਤੇ ਸੈਲਰ ਮਾਲਕਾਂ ਵਲੋਂ ਖਰੀਦ ਏਜੰਸੀਆਂ ਨਾਲ ਮਿਲੀਭੁਗਤ ਕਰਕੇ ਦੂਜੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ’ਚ ਮਹਿੰਗੇ ਭਾਅ ਵੇਚਣ ਕਾਰਨ ਲਿਆ ਗਿਆ ਸੀ। ਉਧਰ ਹੁਣ ਤੱਕ ਝੋਨੇ ਦੀ ਆਮਦ ਦੇ ਮਾਮਲੇ ਵਿੱਚ ਸੰਗਰੂਰ ਜਿਲ੍ਹਾ 19.41 ਲੱਖ ਮੀਟਰਕ ਟਨ ਝੋਨੇ ਦੀ ਆਮਦ ਨਾਲ ਸਭ ਤੋਂ ਅੱਗੇ ਹੈ, ਇਸ ਤੋਂ ਬਾਅਦ ਲੁਧਿਆਣਾ ਅਤੇ ਪਟਿਆਲਾ ਹਨ ਜਿੱਥੇ ਕ੍ਰਮਵਾਰ 16.95 ਲੱਖ ਮੀਟਰਕ ਟਨ ਅਤੇ 14.27 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ। ਅੰਕੜਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚ ਇਸ ਵਾਰ ਖ਼ਰੀਦ ਦਾ ਟੀਚਾ ਵੀ ਪੂਰਾ ਨਹੀਂ ਹੋ ਸਕਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਚਾਲੂ ਸੀਜ਼ਨ ਲਈ ਪੌਣੇ 14 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਸੀ ਪ੍ਰੰਤੂ ਹੁਣ ਤੱਕ ਪੌਣੇ 13 ਲੱਖ ਮੀਟਰਕ ਟਨ ਝੋਨਾ ਹੀ ਖਰੀਦਿਆਂ ਗਿਆ ਹੈ। ਜਦੋਕਿ ਪਿਛਲੇ ਵਾਰ ਜ਼ਿਲ੍ਹੇ ਵਿਚ ਪੌਣੇ 15 ਲੱਖ ਦੇ ਕਰੀਬ ਝੋਨੇ ਦੀ ਖ਼ਰੀਦ ਹੋਈ ਸੀ।
ਬਾਕਸ
ਝੋਨੇ ਦੀ ਖਰੀਦ ਜਾਰੀ ਰੱਖਣ ਲਈ ਆਪ ਦਾ ਵਫਦ ਡੀ.ਸੀ ਨੂੰ ਮਿਲਿਆ
ਬਠਿੰਡਾ: ਉਧਰ ਜ਼ਿਲ੍ਹੇ ਵਿਚ ਝੋਨੇ ਦੀ ਸਰਕਾਰੀ ਖਰੀਦ ਦਾ ਕੰਮ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਡਿਪਟੀ ਕਮਿਸਨਰ ਅਰਵਿੰਦਰਪਾਲ ਸਿੰਘ ਸੰਧੂ ਨੂੰ ਮਿਲਿਆ। ਵਫ਼ਦ ਵਿਚ ਸ਼ਾਮਲ ਕਿਸਾਨ ਵਿੰਗ ਦੇ ਆਗੂ ਜਤਿੰਦਰ ਸਿੰਘ ਭੱਲਾ ਤੇ ਕਾਨੂੰਨੀ ਵਿੰਗ ਦੇ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਅਜੇ ਤਕਰੀਬਨ 20 ਪ੍ਰਤੀਸਤ ਝੋਨੇ ਦੀ ਫਸਲ ਕਿਸਾਨ ਦੇ ਖੇਤਾਂ ਘਰਾਂ ਅਤੇ ਵੱਖ-ਵੱਖ ਥਾਵਾਂ ਉੱਪਰ ਵਿਕਣ ਲਈ ਪਈ ਹੋਈ ਹੈ, ਜਿਸਦੇ ਚੱਲਦੇ ਖਰੀਦ ਦਾ ਕੰਮ 10 ਦਿਨ ਹੋਰ ਚਾਲੂ ਰੱਖਿਆ ਜਾਵੇ।
ਪੰਜਾਬ ਦੀਆਂ ਮੰਡੀਆਂ ’ਚ ਅੱਜ ਤੋਂ ਝੋਨੇ ਦੀ ਖ਼ਰੀਦ ਬੰਦ
6 Views