ਅੰਦਰਖ਼ਾਤੇ ਲੱਡੂ ਵੰਡਣ ਦੇ ਦਿੱਤੇ ਆਰਡਰ, ਬਾਹਰੋਂ ਭਾਫ਼ ਨਾ ਕੱਢਣ ਦੀਆਂ ਹਿਦਾਇਤਾਂ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਬੀਤੇ ਕੱਲ ਤੱਕ ਜਿੱਤ ਦੇ ਦਾਅਵੇ ਕਰਨ ਵਾਲੇ ਸੂਬੇ ਦੇ 1304 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਭਲਕੇ ਚੋਣ ਮਸ਼ੀਨਾਂ ਵਿਚੋਂ ਖੁੱਲਣ ਜਾ ਰਿਹਾ ਹੈ। ਫੈਸਲੇ ਦੀ ਘੜੀ ਜਿਊਂ-ਜਿਊਂ ਨਜ਼ਦੀਕ ਆਉਣ ਲੱਗੀ ਹੈ, ਇੰਨ੍ਹਾਂ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਦਿਲਾਂ ਦੀਆਂ ਧੜਕਣਾਂ ਵੀ ਵਧਣ ਲੱਗੀਆਂ ਹਨ। ਇੰਨ੍ਹਾਂ ਚੋਣਾਂ ਵਿਚ ਕਈ ਵੱਡੇ ਸਿਆਸੀ ਆਗੂਆਂ ਦੀ ਇੱਜ਼ਤ ਦਾਅ ’ਤੇ ਲੱਗੀ ਹੋਈ ਹੈ। ਚਰਚਾ ਮੁਤਾਬਕ ਜਿੱਤਣ ਦੀ ਸੰਭਾਵਨਾ ਵਾਲੇ ਲਗਭਗ ਸਾਰੇ ਹੀ ਉਮੀਦਵਾਰਾਂ ਨੇ ਅੰਦਰਖ਼ਾਤੇ ਲੱਡੂਆਂ, ਹਾਰਾਂ ਤੇ ਗੁਲਾਲ ਦਾ ਪ੍ਰਬੰਧ ਕੀਤਾ ਹੋਇਆ ਪ੍ਰੰਤੂ ਇਸਦੀ ਬਾਹਰ ਭਾਫ਼ ਨਹੀਂ ਕੱਢੀ ਜਾ ਰਹੀ। ਚੋਣ ਗਿਣਤੀ ਕੇਂਦਰਾਂ ਵਿਚ ਮੌਕੇ ’ਤੇ ਮੌਜੂਦ ਰਹਿਣ ਵਾਲੇ ਏਜੰਟਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਸੱਤ ਵਜੇਂ ਤੱਕ ਗਿਣਤੀ ਕੇਂਦਰਾਂ ਵਿਚ ਪੁੱਜਣ ਦੀਆਂ ਹਿਦਾਇਤਾਂ ਕੀਤੀਆਂ ਹਨ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਬਹੁਕੌਣੀ ਮੁਕਾਬਲਿਆਂ ’ਚ ਨਤੀਜਿਆਂ ਦਾ ਰੁੱਖ ਕਿਸੇ ਪਾਸੇ ਵੀ ਹੋਣ ਦੇ ਚੱਲਦਿਆਂ ਪੁਰਾਣੇ ਧੁਨੰਤਰ ਖਿਲਾੜੀ ਹਵਾ ਦਾ ਰੁੱਖ ਦੇਖਣ ਤੋਂ ਬਾਅਦ ਹੀ ਗਿਣਤੀ ਕੇਂਦਰਾਂ ਵਿਚ ਜਾਣ ਨੂੰ ਤਰਜੀਹ ਦੇਣਗੇ ਜਦੋਂਕਿ ਆਪ ਤੇ ਹੋਰ ਸਿਆਸੀ ਚਾਅ ਵਾਲੇ ਉਮੀਦਵਾਰਾਂ ਨੇ ਇੰਨ੍ਹਾਂ ਕੇਂਦਰਾਂ ਵਿਚ ਜਾਣ ਲਈ ਤਿਆਰੀਆਂ ਖਿੱਚੀਆਂ ਹੋਈਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਗਿਣਤੀ ਜਲਦੀ ਹੀ ਸ਼ੁਰੂ ਹੋਣ ਦੇ ਚੱਲਦਿਆਂ ਜਿਆਦਾਤਰ ਉਮੀਦਵਾਰ ਅੱਜ ਹੀ ਗੁਰੂ ਘਰਾਂ ਤੇ ਮੰਦਿਰਾਂ ਵਿਚ ਨਤਮਸਤਕ ਹੋ ਆਏ ਹਨ। ਜਦੋਂਕਿ ਬਹੁਤੇ ਉਮੀਦਵਾਰ ਇੰਨ੍ਹਾਂ ਗਿਣਤੀ ਕੇਂਦਰਾਂ ਵਿਚ ਜਾਣ ਤੋਂ ਪਹਿਲਾਂ ਅਰਦਾਸ ਕਰਵਾਉਣਗੇ। ਇਸਦੇ ਲਈ ਕਈ ਪਾਠੀਆਂ ਨੂੰ ਜਲਦੀ ਘਰਾਂ ਵਿਚ ਪੁੱਜਣ ਲਈ ਕਿਹਾ ਗਿਆ ਹੈ। ਦਸਣਾ ਬਣਦਾ ਹੈ ਕਿ ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਦੌਰਾਨ ਪਹਿਲੀ ਵਾਰ ਬਹੁਕੌਣੀ ਮੁਕਾਬਲੇ ਹੋਣ ਕਾਰਨ ਕਿਸੇ ਨੂੰ ਵੀ ਸਿਆਸੀ ਹਵਾ ਦੇ ਰੁੱਖ ਦਾ ਪਤਾ ਨਹੀਂ ਚੱਲ ਰਿਹਾ। ਹਾਲਾਂਕਿ ਜਿਆਦਾਤਰ ਚੋਣ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਵਿਖਾਈ ਗਈ ਹੈ ਪ੍ਰੰਤੂ ਪਿਛਲੀ ਵਾਰ ਦੇ ਤਜਰਬੇ ਕਾਰਨ ਇਸ ਪਾਰਟੀ ਦੇ ਜਿਆਦਾਤਰ ਉਮੀਦਵਾਰ ਅਪਣੇ ਸਮਰਥਕਾਂ ਨੂੰ ਭਲਕੇ ਤੱਕ ਇੰਤਜ਼ਾਰ ਕਰਨ ਲਈ ਕਹਿੰਦੇ ਦਿਖ਼ਾਈ ਦਿੱਤੇ। ਉਜ ਬਠਿੰਡਾ ’ਚ ਵਾਰਡ ਨੰਬਰ 24 ਤੇ 18 ’ਚ ਆਪ ਸਮਰਥਕਾਂ ਵਲੋਂ ਅੱਜ ਲੱਡੂ ਵੰਡਣ ਦਾ ਕੰਮ ਜੋਰਾਂ-ਸੋਰਾਂ ਨਾਲ ਸ਼ੁਰੂ ਕਰ ਦਿੱਤਾ। ਵਾਰਡ ਨੰਬਰ 24 ਤੋਂ ਪਾਰਟੀ ਦੇ ਆਗੂ ਅਸੋਕ ਨੇ ਦਾਅਵਾ ਕੀਤਾ ਕਿ ਚੋਣ ਸਰਵੇਖਣਾਂ ਨੇ ਹਵਾ ਦਾ ਰੁੱਖ ਤੈਅ ਕਰ ਦਿੱਤਾ ਹੈ ਤੇ ਭਲਕੇ ਨਤੀਜਿਆਂ ’ਤੇ ਮੋਹਰ ਹੀ ਲੱਗਣੀ ਹੈ, ਜਿਸਦੇ ਚੱਲਦੇ ਉਨ੍ਹਾਂ ਅੱਜ ਹੀ ਲੱਡੂ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ। ਉਧਰ ਚੋਣਾਂ ਦਾ ਕੰਮ ਨਿਬੜਣ ਤੋਂ ਬਾਅਦ ਬਠਿੰਡਾ ਪੁੱਜੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਅਪਣੇ ਦਫ਼ਤਰ ’ਚ ਸਮਰਥਕਾਂ ਨਾਲ ਮੀਟਿੰਗ ਕੀਤੀ। ਇਸੇ ਤਰ੍ਹਾਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਤੇ ਆਪ ਉਮੀਦਵਾਰ ਜਗਰੂਪ ਗਿੱਲ ਵੀ ਭਲਕੇ ਦੀਆਂ ਤਿਆਰੀਆਂ ਨੂੰ ਲੈ ਕੇ ਰੁੱਝੇ ਰਹੇ।
ਫੈਸਲੇ ਦੀ ਘੜੀ ਅੱਜ: ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ
10 Views