ਬਠਿੰਡਾ ’ਚ ਫਾਰਮਾਸਿਊਟੀਕਲ ਪਾਰਕ ਬਣਾਉਣ ਲਈ ਮੁੜ ਦਿੱਲੀ ਪੁੱਜੇ ਮਨਪ੍ਰੀਤ ਬਾਦਲ

0
32

ਕੇਂਦਰੀ ਰਸਾਇਣ, ਖਾਦਾਂ ਤੇ ਫਾਰਮਾਸਿਊਟੀਕਲ ਮੰਤਰੀ ਨਾਲ ਕੀਤੀ ਮੁਲਾਕਾਤ
ਸੁਖਜਿੰਦਰ ਮਾਨ
ਬਠਿੰਡਾ, 22 ਅਕਤੂਬਰ : ਬਠਿੰਡਾ ’ਚ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਖ਼ਾਤਮੇ ਤੋਂ ਬਾਅਦ ਇੱਥੇ ਬਣਾਏ ਜਾਣ ਵਾਲੇ ਫ਼ਾਰਮਾਸਿਊਟੀਕਲ ਪਾਰਕ ਦੀ ਮੰਗ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਮੁੜ ਦਿੱਲੀ ਪੁੱਜੇ, ਜਿੱਥੇ ਉਨ੍ਹਾਂ ਰਸਾਇਣ, ਖਾਦਾਂ ਅਤੇ ਫਾਰਮਾਸਿਊਟੀਕਲ ਬਾਰੇ ਕੇਂਦਰੀ ਮੰਤਰੀ ਮਨਸੁਖ ਐਲ. ਮਾਂਡਵੀਆ ਨਾਲ ਮੁਲਾਕਾਤ ਕੀਤੀ। ਵਿਤ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਫ਼ਾਰਮਾਸਿਊਟੀਕਲ ਪਾਰਕ ਦੇ ਲੱਗਣ ਨਾਲ ਉੱਤਰੀ ਭਾਰਤ- ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਤੇ ਕਸ਼ਮੀਰ ਅਤੇ ਲੱਦਾਖ, ਲਈ ਉਪਯੋਗੀ ਅਤੇ ਲਾਭਕਾਰੀ ਸਾਬਿਤ ਹੋਵੇਗਾ। ਉਨ੍ਹਾਂ ਕੇਂਦਰੀ ਮੰਤਰੀ ਨੂੰ ਜੋਰ ਦਿੱਤਾ ਕਿ ਪੰਜਾਬ ਦੀ ਆਰਥਿਕਤਾ ਦੇ ਨਾਲ ਨਾਲ ਖੇਤੀਬਾੜੀ ਵਿੱਚ ਵੀ ਵਿਭਿੰਨਤਾ ਤੇ ਮਜ਼ਬੂਤੀ ਲਿਆਉਣੀ ਜ਼ਰੂਰੀ ਹੈ। ਉਧਰ ਕੇਂਦਰੀ ਮੰਤਰੀ ਨੇ ਸ: ਬਾਦਲ ਦੀ ਮੰਗ ’ਤੇ ਧਿਆਨ ਨਾਲ ਵਿਚਾਰ ਕਰਨ ਬਾਅਦ ਭਰੋਸਾ ਦਿੱਤਾ ਕਿ ਇਸ ਫਾਰਮਾ ਪਾਰਕ ਲਈ ਉਹ ਬਠਿੰਡਾ ਨੂੰ ਸਭ ਤੋਂ ਵੱਧ ਤਰਜੀਹ ਦੇਣਗੇ। ਸ. ਬਾਦਲ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਲਈ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਉਹ ਗੁਆਂਢੀ ਦੁਸ਼ਮਣਾਂ ਦੇ ਗਲਤ ਮਨਸੂਬਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਉਨਾਂ ਕਿਹਾ ਕਿ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਦੀ ਸਥਾਪਨਾ ਨਾਲ ਲਗਭਗ 100,000 ਲੋਕਾਂ ਨੂੰ ਸਿੱਧਾ ਅਤੇ ਤਕਰੀਬਨ 200,000 ਲੋਕਾਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ। ਇੱਥੇ ਜਿਕਰਯੋਗ ਹੈ ਕਿ ਪੰਜਾਬ ਵਲੋਂ ਇੱਥੇ ਇਹ ਪਾਰਕ ਬਣਾਉਣ ਲਈ ਇੱਥੇ ਮੌਜੂਦਾ “ਏ’’ ਲੈਵਲ ਦਾ ਰੇਲਵੇ ਸਟੇਸ਼ਨ, 1350 ਏਕੜ ਤੋਂ ਵੱਧ ਜ਼ਮੀਨ ਅਤੇ ਤੇਲ ਰਿਫਾਇਨਰੀ ਉਪਲਬਧ ਬਾਰੇ ਦਸਿਆ ਹੈ ਜੋ ਇਸ ਜਗਾ ਨੂੰ ਫਾਰਮਾ ਪਾਰਕ ਲਈ ਢੁਕਵਾਂ ਬਣਾਉਂਦੀ ਹੈ।

LEAVE A REPLY

Please enter your comment!
Please enter your name here