ਕਈ ਹੋਰਨਾਂ ਦੀ ਕਾਰਗੁਜ਼ਾਰੀ ਵੀ ਉਚ ਅਧਿਕਾਰੀਆਂ ਦੇ ਰਾਡਾਰ ’ਤੇ
ਸੁਖਜਿੰਦਰ ਮਾਨ
ਬਠਿੰਡਾ, 24 ਫਰਵਰੀ: ਚੋਣਾਂ ਤੋਂ ਤੁਰੰਤ ਬਾਅਦ ਸ਼ਹਿਰ ’ਚ ਉਪਰ-ਥੱਲੇ ਵਾਪਰੀਆਂ ਕਈ ਘਟਨਾਵਾਂ ਕਾਰਨ ਚਰਚਾ ਵਿਚ ਚੱਲੀ ਆ ਰਹੀ ਥਾਣਾ ਸਿਵਲ ਲਾਈਨ ਪੁਲਿਸ ਦੇ ਮੁਖੀ ਨੂੰ ਐਸ.ਐਸ.ਪੀ ਨੇ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੁਅੱਤਲ ਕੀਤੇ ਥਾਣਾ ਮੁਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਵਿਰੁਧ ਵਿਭਾਗੀ ਪੜਤਾਲ ਖੋਲਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਪਤਾ ਲੱਗਿਆ ਹੈ ਕਿ ਉਕਤ ਥਾਣਾ ਮੁਖੀ ਵਿਰੁਧ ਅਪਣੇ ਇਲਾਕੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਕਾਬੂ ਨਾ ਰੱਖ ਸਕਣ ਅਤੇ ਘਟਨਾਵਾਂ ਦੀ ਜਾਣਕਾਰੀ ਤੁਰੰਤ ਅਪਣੇ ਉਚ ਅਧਿਕਾਰੀਆਂ ਨੂੰ ਨਾ ਦੇਣ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਥਾਣਾ ਸਿਵਲ ਲਾਈਨ ਅਧੀਨ ਆਉਂਦੇ ਮਾਡਲ ਟਾਊਨ ਵਰਗੇ ਇਲਾਕੇ ’ਚ ਸਥਿਤ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਉਸਾਰੀ ਅਧੀਨ ਆਉਂਦੀ ਕੋਠੀ ਦੇ ਗੇਟ ਤੋੜਣ ਤੋਂ ਇਲਾਵਾ ਹੋਰ ਵੀ ਕਈ ਘਟਨਾਵਾਂ ਵਾਪਰੀਆਂ ਸਨ। ਉਜ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਚੋਣਾਂ ਦੇ ਦੌਰਾਨ ਵੀ ਉਕਤ ਅਧਿਕਾਰੀ ਦੀ ਭੂਮਿਕਾ ਤੋਂ ਉਚ ਅਧਿਕਾਰੀ ਨਰਾਜ਼ ਦੱਸੇ ਜਾ ਰਹੇ ਸਨ। ਸੂਤਰਾਂ ਨੇ ਤਾਂ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਇੱਕ ਹੋਰ ਪੁਲਿਸ ਅਧਿਕਾਰੀ ਵਿਰੁਧ ਵੀ ਕਾਰਵਾਈ ਹੋ ਸਕਦੀ ਹੈ, ਜਿਸਦਾ ‘ਐਟੀਟਿਊਟ’ ਕਾਫੀ ਹਾਈ ਦਸਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਚੋਣਾਂ ਦੇ ਦੌਰਾਨ ਵੀ ਬਠਿੰਡਾ ਸ਼ਹਿਰ ਵਿਚ ਤੈਨਾਤ ਤਿੰਨ ਥਾਣਾ ਮੁਖੀਆਂ ਵਿਰੁਧ ਲਗਾਤਾਰ ਕੁੱਝ ਉਮੀਦਵਾਰਾਂ ਵਲੋਂ ਸਿਕਾਇਤਾਂ ਕੀਤੀਆਂ ਗਈਆਂ ਸਨ ਤੇ ਉਨ੍ਹਾਂ ਉਪਰ ਇੱਕ ਸਿਆਸੀ ਪਾਰਟੀ ਦੇ ਉਮੀਦਾਵਰ ਦਾ ਹੱਥ ਠੋਕਾ ਬਣਨ ਦੇ ਦੋਸ਼ ਲਗਾਏ ਗਏ ਸਨ। ਚੋਣਾਂ ਸਮੇਂ ਤੁਰੰਤ ਨਵਾਂ ਥਾਣਾ ਮੁਖੀ ਲਗਾਉਣ ਤੋਂ ਬਚਦੇ ਹੋਏ ਉਚ ਅਧਿਕਾਰੀਆਂ ਨੇ ਇੰਨਾਂ ਥਾਣਾ ਮੁਖੀਆਂ ਤੋਂ ਕੰਮ ਲੈਣ ਦੀ ਰਣਨੀਤੀ ਅਪਣਾਈ ਸੀ ਪ੍ਰੰਤੂ ਹੁਣ ਇੰਨ੍ਹਾਂ ਵਿਰੁਧ ਸਖ਼ਤੀ ਹੋ ਸਕਦੀ ਹੈ। ਉਧਰ ਥਾਣਾ ਸਿਵਲ ਲਾਈਨ ਦੇ ਮੁਖੀ ਜਸਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ ਅਮਨੀਤ ਕੋਂਡਲ ਨੇ ਦਸਿਆ ਕਿ ਉਕਤ ਅਧਿਕਾਰ ਅਪਣੇ ਇਲਾਕੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਵਿਚ ਅਸਫ਼ਲ ਰਿਹਾ ਤੇ ਨਾਲ ਹੀ ਇੰਨ੍ਹਾਂ ਘਟਨਾਵਾਂ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਵੀ ਨਹੀਂ ਦਿੱਤੀ ਜਾ ਰਹੀ ਸੀ। ਜਿਸਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਨਵਾਂ ਥਾਣਾ ਮੁਖੀ ਲਗਾਉਣ ਲਈ ਯੋਗ ਅਧਿਕਾਰੀਆਂ ਦਾ ਪੈਨਲ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਹੈ ਤੇ ਮੰਨਜੂਰੀ ਤੋਂ ਬਾਅਦ ਨਵਾਂ ਥਾਣਾ ਮੁਖੀ ਲਗਾਇਆ ਜਾਵੇਗਾ।
16 Views