ਸੁਖਜਿੰਦਰ ਮਾਨ
ਬਠਿੰਡਾ, 23 ਅਸਗਤ: ਬੀਤੇ ਕਲ੍ਹ 6 ਘੰਟਿਆਂ ਚ ਪਏ 81 ਮਿਲੀਮੀਟਰ ਮੀਂਹ ਨੇ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਇੱਕ ਵਾਰੀ ਤਾਂ ਹਾਹਾਕਾਰ ਮਚਾ ਦਿੱਤੀ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਪ੍ਰਬੰਧਾਂ ਦੇ ਗੰਭੀਰ ਨੁਕਸ ਸਾਹਮਣੇ ਆਏ ਹਨ। ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਦੇ ਦੱਸਣ ਮੁਤਾਬਕ ਬਠਿੰਡਾ ਪ੍ਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਦੀਆਂ ਰਿਹਾਇਸ਼ੀ ਕੋਠੀਅਾਂ ਵਿੱਚ ਕਈ ਫੁੱਟ ਪਾਣੀ ਦਾਖ਼ਲ ਹੋ ਗਿਆ। ਇਸ ਤੋਂ ਇਲਾਵਾ ਮੁੱਖ ਡਾਕਘਰ, ਜਿਲ੍ਹਾ ਕਚਹਿਰੀਆਂ,ਇਨਕਮ ਟੈਕਸ ਦਫ਼ਤਰ, ਸਿਵਲ ਲਾਇਨਜ਼ ਗੁਰੂ ਨਾਨਕਪੁਰਾ,ਮਹਿਣਾ ਪੱਤੀ,ਸ਼ਹਿਰ ਦੇ ਬਹੁਤੇ ਸਕੂਲ,ਮਾਲ ਰੋਡ,ਪਾਵਰ ਹਾਉੂਸ ਰੋਡ,ਅੰਡਰਬ੍ਰਿਜ,ਵੀਰ ਕਾਲੋਨੀ,ਸਿਰਕੀ ਬਾਜ਼ਾਰ, ਜੋਗੀ ਨਗਰ, ਗਣੇਸ਼ਾ ਬਸਤੀ, ਭਾਈ ਮਤੀ ਦਾਸ ਨਗਰ,ਧੋਬੀਅਾਣਾ ਰੋਡ,ਨਵੀਂ ਬਸਤੀ,ਮਾਤਾ ਰਾਣੀ ਵਾਲੀ ਗਲੀ, ਕਮਲਾ ਨਹਿਰੂ ਕਲੋਨੀ ਅਾਦਿ ਇਲਾਕੀਆਂ ਵਿੱਚ ਕਈ ਕਈ ਫੁੱਟ ਪਾਣੀ ਵਗਦਾ ਤੇ ਕਈ ਥਾਈਂ ਤਾਂ ਘਰਾਂ ਤੇ ਦੁਕਾਨਾਂ ‘ਚ ਦਾਖਲ ਹੁੰਦਾ ਦੇਖਿਅਾ ਗਿਅਾ। ਲਾਇਨੋ ਪਾਰ ਪਰਸ ਰਾਮ ਨਗਰ, ਪ੍ਤਾਪ ਨਗਰ, ਜਨਤਾ ਨਗਰ, ਅਮਰਪੁਰਾ ਬਸਤੀ, ਸੰਜੇ ਨਗਰ, ਸੰਗੂਅਾਨਾ ਬਸਤੀ ਤੇ ਲਾਲ ਸਿੰਘ ਬਸਤੀ ਸਮੇਤ ਸਾਰੇ ਨੀਵੇਂ ਇਲਾਕੇ ਵੀ ਇਸ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੇ। ਕਾਰਪੋਰੇਸ਼ਨ ਦੇ ਡਿਪਟੀ ਮੇਅਰ ਦੀ ਇਨੋਵਾ ਗੱਡੀ ਵੀ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਈ। ਸ਼ਹਿਰ ਦਾ ਡਿਸਪੋਜ਼ਲ ਵੀ ਵਧੀਆ ਕੰਮ ਨਹੀਂ ਕਰ ਰਿਹਾ। ਨਗਰ ਨਿਗਮ ਤੇ ਤਿਰਵੈਨੀ ਕੰਪਨੀ ਨੇ ਭਾਰੀ ਬਰਸਾਤ ਤੋਂ ਪਹਿਲਾਂ ਕੋਈ ਵੀ ਤਿਆਰੀ ਨਹੀਂ ਸੀ ਕੀਤੀ। ਸੀਵਰੇਜ ਦੇ ਮਾੜਾ ਪ੍ਰਬੰਧ ਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਕਾਫੀ ਨੁਕਸਾਨ ਹੋਇਆ ਦੱਸਿਅਾ ਜਾਂਦਾ ਹੈ। ਨਾਕਸ ਪ੍ਰਬੰਧਾਂ ਤੋਂ ਦੁਖੀ ਹੋ ਕੇ ਲੋਕ ਹੁਣ ਇਹ ਮੰਗ ਕਰਨ ਲੱਗੇ ਹਨ ਕਿ ਪਿਛਲੇ 14.5 ਸਾਲਾਂ (ਦਸ ਸਾਲ ਅਕਾਲੀ ਭਾਜਪਾ ਰਾਜ ਦੇ ਅਤੇ ਸਾਢੇ ਚਾਰ ਸਾਲ ਕੈਪਟਨ ਸਰਕਾਰ ਦੇ) ਦੌਰਾਨ ਜਿੰਨਾ ਵੀ ਸਰਕਾਰੀ ਖਰਚਾ ਹੋਇਆ ਹੈ ਉਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੁਝ ਘੰਟੇ ਦੇ ਮੀਂਹ ਨਾਲ ਹੀ ਪੰਜਾਬ ਦਾ ਅਹਿਮ ਸ਼ਹਿਰ ਬਠਿੰਡਾ ਡੁੱਬ ਜਾਂਦਾ ਹੈ ਫਿਰ ਇਹ ਕਰੋੜਾਂ ਰੁਪਏ ਕਿਹੜੇ ਪ੍ਰਬੰਧਾਂ ਤੇ ਖਰਚ ਹੋਏ ਹਨ ? ਨਿਗਮ ਨੇ ਸ਼ਹਿਰ ਦੀ ਪਾਣੀ ਦੀ ਸਪਲਾਈ ਤੇ ਸੀਵਰੇਜ ਪ੍ਰਬੰਧ ਦੀ ਦੇਖ ਰੇਖ ਤ੍ਰਿਵੇਣੀ ਕੰਪਨੀ ਦੇ ਹੱਥਾਂ ਵਿਚ ਦੇ ਰੱਖੀ ਹੈ।ਜਿਸ ਦੇ ਹੱਥਾਂ ਚ ਕੰਮ ਆਉਣ ਤੋਂ ਬਾਅਦ ਕਰੋੜਾਂ ਰੁਪਏ ਸ਼ਹਿਰ ਵਿੱਚ ਲੱਗੇ ਪਰ ਪਾਣੀ ਦੀ ਨਿਕਾਸੀ ਦੀ ਬਜਾਏ ਮੁਸ਼ਕਿਲਾਂ ਹੋਰ ਵਧੀਆਂ ਹਨ।
ਬਠਿੰਡੇ ਚ 1983 ਤੋਂ ਲੈ ਕੇ ਹੁਣ ਤੱਕ ਸੀਵਰੇਜ ਤੇ ਡਰੇਨੇਜ ਸਿਸਟਮ ਤੇ ਕਰੀਬ 250 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਾ ਚੁੱਕਿਆ ਹੈ। ਇਹ ਖਰਚ ਸੀਵਰੇਜ ਬੋਰਡ ਦੇ ਮਾਰਫਤ ਕੀਤਾ ਗਿਆ ਹੈ, ਪਰ ਇਹ ਰੁਪਈਆ ਕਿੱਥੇ ਖਰਚ ਹੋਇਆ ਇਸ ਦਾ ਹਿਸਾਬ ਅੱਜ ਤੱਕ ਨਿਗਮ ਨੂੰ ਸੀਵਰੇਜ ਬੋਰਡ ਨੇ ਨਹੀਂ ਦਿੱਤਾ ਹੈ। ਫਿਰ ਕਰੀਬ 288 ਕਰੋੜ ਰੁਪਏ ਸ਼ਹਿਰ ਦੇ ਪੱਕੇ ਸੀਵਰੇਜ ਦੇ ਡਰੇਨੇਜ਼ ਸਿਸਟਮ ਦਾ ਰੱਖ ਰਖਾਅ ਤੇ ਨਵਾਂ ਸੀਵਰੇਜ ਪਾਉਣ ਦਾ ਕੰਮ ਤ੍ਰਿਵੇਣੀ ਨੂੰ ਦਿੱਤਾ। ਗੰਦਾ ਪਾਣੀ ਕੱਢਣ ਲਈ ਬਣਾਏ ਗਏ ਸਲੱਜ ਕੈਰੀਅਰ ਦੇ ਫੇਹਲ ਹੋਣ ਕਾਰਨ ਬਠਿੰਡਾ ਨਿਵਾਸੀਆਂ ਨੂੰ ਪਾਣੀ ਨਾ ਨਿਕਲਣ ਕਾਰਨ ਸੰਤਾਪ ਝਲਣਾ ਪੈ ਰਿਹਾ ਹੈ। ਨਿਗਮ ਦੀ ਨਾਲਾਇਕੀ ਕਾਰਨ ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਿਆ। ਬਠਿੰਡਾ ਦੀ ਰਾਈਜ਼ਿੰਗ ਮੇਨ ਵੀ ਅਜੇ ਪੂਰੀ ਨਾ ਬਨਣ ਕਾਰਨ ਸਲੱਜ ਵਾਰ ਵਾਰ ਟੁੱਟਦੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਿਛਲੇ ਸਾਲ ਤੀਹ ਫੁੱਟ ਦਾ ਪਾੜ ਪੈ ਗਿਆ ਸੀ। ਕੁੱਲ ਮਿਲਾ ਕੇ ਹੁਣ ਵੀ ਹਾਲਾਤ ਮਾੜੇ ਹਨ ਤੇ ਸ਼ਹਿਰ ਡੁੱਬ ਰਿਹਾ ਹੈ। ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਅਤੇ ਸੀਵਰੇਜ ਦੇ ਓਵਰਫਲੋ ਕਾਰਨ ਖੜ੍ਹੇ ਪਾਣੀ ਵਿੱਚ ਡਾਕਟਰਾਂ ਦੇ ਦਸਣ ਮੁਤਾਬਕ ਅਨੇਕਾਂ ਕਿਸਮ ਦੇ ਕੀਟਾਣੂੰ ਪਣਪ ਸਕਦੇ ਹਨ, ਜੋ ਭਿਆਨਕ ਬੀਮਾਰੀਆਂ ਫੈਲਾਉਣਗੇ।