ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ : ਬਾਬਾ ਫ਼ਰੀਦ ਕਾਲਜ ਨੇ ਫੈਕਲਟੀ ਮੈਂਬਰਾਂ ਲਈ ’ਕੁਆਲਿਟੀ ਖੋਜ ਪੱਤਰ ਲਿਖਣ ਦੇ ਹੁਨਰ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਨ ਦੀ ਪਹਿਲਕਦਮੀ ਕੀਤੀ। ਇਸ ਵਰਕਸ਼ਾਪ ਵਿੱਚ ਡਾ. ਰਜਿੰਦਰ ਪਾਲ ਸਿੰਘ ਬਰਾੜ, (ਪ੍ਰੋਫੈਸਰ ਅਤੇ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਖੋਜ ਦੇ ਖੇਤਰ ਵਿੱਚ ਬਹੁਤ ਵੱਡਾ ਤਜਰਬਾ ਹੈ।ਵਰਕਸ਼ਾਪ ਦੀ ਸ਼ੁਰੂਆਤ ਵਿੱਚ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਰੋਤ ਵਿਅਕਤੀ ਪ੍ਰੋਫੈਸਰ (ਡਾ.) ਰਾਜਿੰਦਰ ਪਾਲ ਬਰਾੜ ਬਾਰੇ ਜਾਣਕਾਰੀ ਦਿੱਤੀ। ਸਰੋਤ ਵਿਅਕਤੀ ਡਾ. ਬਰਾੜ ਨੇ ਸਾਰੇ ਫੈਕਲਟੀ ਮੈਂਬਰਾਂ ਨੂੰ ਬਹੁਤ ਹੀ ਸ਼ਾਂਤ ਅਤੇ ਸਹਿਜ ਢੰਗ ਨਾਲ ਸੰਬੋਧਨ ਕੀਤਾ। ਉਨ੍ਹਾਂ ਨੇ ਗੁਣਵੱਤਾ ਵਾਲੇ ਖੋਜ ਪੱਤਰ ਲਿਖਣ ਦੀ ਪੂਰੀ ਪ੍ਰਕਿਰਿਆ ਨੂੰ ਕਦਮ ਦਰ ਕਦਮ ਸਮਝਾਇਆ। ਉਨ੍ਹਾਂ ਨੇ ਦੱਸਿਆ ਕਿ ਖੋਜ ਪੱਤਰ ਲਿਖਣ ਲਈ ਵਿਸ਼ੇ ਦੀ ਚੋਣ ਕਿਵੇਂ ਕਰਨੀ ਹੈ ਅਤੇ ਵਿਸ਼ੇ ਦੀ ਚੋਣ ਕਰਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ । ਉਨ੍ਹਾਂ ਕੁੱਝ ਏਜੰਸੀਆਂ ਦਾ ਜ਼ਿਕਰ ਕੀਤਾ ਜਿੱਥੇ ਖੋਜ ਪੱਤਰ ਜਮਾਂ ਕਰਵਾਏ ਜਾ ਸਕਦੇ ਹਨ। ਬਹੁਤ ਸਾਰੇ ਫੈਕਲਟੀ ਮੈਂਬਰਾਂ ਨੇ ਪ੍ਰਸ਼ਨ ਪੁੱਛੇ ਅਤੇ ਪ੍ਰੋਫੈਸਰ ਬਰਾੜ ਨੇ ਉਨ੍ਹਾਂ ਦੇ ਸਾਰੇ ਸਵਾਲਾਂ ਅਤੇ ਸ਼ੰਕਿਆਂ ਦਾ ਜਵਾਬ ਬਹੁਤ ਹੀ ਸਰਲ ਤਰੀਕੇ ਨਾਲ ਦਿੱਤਾ। ਇਸ ਉਪਰੰਤ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਵਿਭਾਗ ਮੁਖੀਆਂ ਡਾ. ਜਗਮਿੰਦਰ ਕੌਰ, ਸ੍ਰੀ ਸੱਜਣ ਕੁਮਾਰ, ਸ੍ਰੀ ਹਰਿੰਦਰਪਾਲ ਸਿੰਘ, ਸ੍ਰੀ ਦਿਨੇਸ਼, ਡਾ. ਜਸਵਿੰਦਰ ਸਿੰਘ ਅਤੇ ਡਾ.ਅਮਨਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ। ਅੰਤ ਵਿੱਚ ਡਾ. ਅਮਨਪ੍ਰੀਤ ਸਿੰਘ (ਕੋਆਰਡੀਨੇਟਰ ਰਿਸਰਚ ਐਂਡ ਇਨੋਵੇਸ਼ਨ ਸੈੱਲ, ਬਾਬਾ ਫ਼ਰੀਦ ਕਾਲਜ) ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।