ਬਿਸਤ ਦੁਆਬ ਨਹਿਰ ਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਸੰਤ ਸੀਚੇਵਾਲ ਨੇ ਆਰੰਭੀ ਮੁਹਿੰਮ

0
5
30 Views

ਸੂਏ ਕੱਸੀਆਂ ਦੀ ਅਣਹੋਂਦ ਕਾਰਨ ਪਾਇਪਾਂ ਰਾਹੀ ਕੀਤੀ ਜਾਵੇਗੀ ਪਾਣੀ ਦੀ ਸਪਲਾਈ
ਪੰਜਾਬੀ ਖ਼ਬਰਸਾਰ ਬਿਉਰੋ
ਸੁਲਤਾਨਪੁਰ ਲੋਧੀ, 18 ਫਰਵਰੀ: ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕਰਦਿਆ ਵਾਤਾਵਰਣ ਪ੍ਰੇਮੀ ਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਸਤ ਦੁਆਬ ਨਹਿਰ ਦਾ ਪਾਣੀ ਖੇਤੀ ਲਈ ਵਰਤਣ। ਦੁਆਬੇ ਵਿੱਚੋਂ ਲੰਘਦੀਆਂ ਬਿਸਤ ਦੁਆਬ ਦੀਆਂ ਡਿਸਟੀਬਿਊਟਰੀਆਂ ਦਾ ਵੱਖ-ਵੱਖ ਇਲਾਕਿਆਂ ਵਿਚ ਨਿਰੀਖਣ ਕਰਨ ਤੋਂ ਬਾਅਦ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬੀ ਸਿਰਫ 34ਫੀਸਦੀ ਹੀ ਨਹਿਰੀ ਪਾਣੀ ਹੀ ਵਰਤਦੇ ਹਨ ਜਦਕਿ ਰਾਜਸਥਾਨ ਇਸਤੋਂ ਦੁੱਗਣਾ ਨਹਿਰੀ ਪਾਣੀ ਵਰਤ ਰਿਹਾ ਹੈ। ਜਿੱਥੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਜਿੱਥੇ ਪਹਿਲਾਂ ਖਾਲ ਹੁੰਦੇ ਸਨ ਉਹ ਹੁਣ ਨਹੀ ਰਹੇ। ਪੁਰਾਣੇ ਸਮਿਆਂ ਵਿਚ ਸੂਏ ਤੇ ਕੱਸੀਆਂ ਰਾਹੀ ਪਾਣੀ ਹਰ ਖੇਤ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਦੁਆਬੇ ਵਿਚ ਕਿਸਾਨਾਂ ਨੇ ਨਹਿਰੀ ਪਾਣੀ ਦੀ ਥਾਂ ਮੋਟਰਾਂ ਦਾ ਪਾਣੀ ਵਰਤਣ ਨੂੰ ਦਿੱਤੀ ਤਰਜੀਹ ਕਾਰਨ ਖਾਲੇ, ਸੂਏ ਤੇ ਕੱਸੀਆਂ ਖਤਮ ਹੋ ਗਈਆਂ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਨਹਿਰ ਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਹੁਣ ਪਾਇਪ ਲਾਇਨਾਂ ਪਾਈਆਂ ਜਾਣਗੀਆਂ ਜਿਸਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਮੁਲਾਕਾਤ ਦੌਰਾਨ ਉਹਨਾਂ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਨਹਿਰਾਂ ਦਾ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਵਰਤੇ ਜਾਣ ਵਾਲੇ ਪਾਇਪਾਂ ਦਾ ਸਾਰਾ ਖਰਚਾ ਸੂਬਾ ਸਰਕਾਰ ਕਰੇਗੀ।ਸੰਤ ਸੀਚੇਵਾਲ ਨੇ ਦੱਸਿਆ ਕਿ ਬਿਸਤ ਦੁਆਬ ਨਹਿਰ ਵਿਚ 1450 ਕਿਊਸਿਕ ਪਾਣੀ ਵਗਣ ਦੀ ਸਮਰੱਥਾ ਹੈ ਪਰ ਇਸ ਖਿੱਤੇ ਦੇ ਕਿਸਾਨਾਂ ਵੱਲੋਂ ਨਹਿਰੀ ਪਾਣੀ ਦੀ ਮੰਗ ਉਸ ਤਰਜ਼ ਤੇ ਨਹੀ ਕੀਤੀ ਜਾ ਰਹੀ ਜਿਵੇਂ ਮਾਲਵੇ ਦੇ ਕਿਸਾਨ ਕਰਦੇ ਹਨ। ਇਸੇ ਕਾਰਨ ਬਿਸਤ ਦੁਆਬ ਨਹਿਰ ਵਿਚ ਕਦੇ ਵੀ ਪਾਣੀ 1450 ਕਿਊਸਿਕ ਨਹੀ ਛੱਡਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸਾਲ 2016 ਤੋਂ ਬਿਸਤ ਦੁਆਬ ਦੇ ਨਹਿਰ ਦੇ ਕਿਨਾਰਿਆਂ ਨੂੰ ਕੰਕਰੀਟ ਨਾਲ ਪੱਕੇ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਪਾਣੀ ਆਖੀਰ ਤੱਕ ਪਹੁੰਚ ਸਕੇ ਪਰ ਨਹਿਰ ਨੂੰ ਪੱਕਿਆ ਕਰਨ ਲਈ ਕੋਰੜਾਂ ਰੁਪਏ ਤਾਂ ਖਰਚ ਦਿੱਤੇ ਗਏ ਪਰ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਦਾ ਪ੍ਰਬੰਧ ਨਹੀ ਕੀਤਾ ਗਿਆ।ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰੀ ਭੂ-ਜਲ ਬੋਰਡ ਦੀ ਸਾਲ 2017 ਵਿਚ ਆਈ ਰਿਪੋਰਟ ਅਨੁਸਾਰ ਪੰਜਾਬ ਵਿਚ ਧਰਤੀ ਹੇਠਲਾ ਪਾਣੀ 2039 ਤੱਕ 1000 ਫੁੱਟ ਡੂੰਘਾ ਹੋ ਜਾਵੇਗਾ ਜਿਸ ਕਾਰਨ ਖੇਤੀ ਕਰਨੀ ਬੜੀ ਮੁਸ਼ਕਿਲ ਹੋ ਜਾਵੇਗੀ। ਇੰਨੀ ਡੂੰਘਾਈ ਤੋਂ ਪਾਣੀ ਕੱਢਣਾ ਆਪਣੇ ਆਪ ਵਿਚ ਇੱਕ ਵੱਡੀ ਚੁਣੌਤੀ ਹੋਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੋਟਰਾਂ ਦੀ ਥਾਂ ਨਹਿਰੀ ਪਾਣੀ ਨੂੰ ਖੇਤੀ ਲਈ ਵਰਤਣ ਨੂੰ ਤਰਜੀਹ ਦੇਣ।

LEAVE A REPLY

Please enter your comment!
Please enter your name here