ਸੋਮਵਾਰ ਦੁਪਿਹਰ 12 ਵਜੇਂ ਮੁੱਖ ਦਫ਼ਤਰੀ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਕਿਹਾ
ਬੀਬੀ ਜਿੱਦ ’ਤੇ ਅੜੀ, ਕੀਤਾ ਚੋਣ ਲੜਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਆਗਾਮੀ 9 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਧਾਨ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ‘ਸਿਰਦਰਦੀ’ ਬਣੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਨੂੰ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਨੇ ਅਪਣਾ ਪੱਖ ਪੇਸ਼ ਕਰਨ ਲਈ ਇੱਕ ਹੋਰ ਮੌਕਾ ਦਿੱਤਾ ਹੈ। ਹਾਲਾਂਕਿ ਬੀਬੀ ਜੰਗੀਰ ਕੌਰ ਨੇ ਅਪਣੀ ਜਿੱਦ ’ਤੇ ਕਾਇਮ ਰਹਿੰਦਿਆਂ ਅੱਜ ਸਪੱਸ਼ਟ ਤੌਰ ’ਤੇ ਪ੍ਰਧਾਨ ਦੀ ਚੋਣ ਪੂਰੇ ਦਮ ਖਮ ਨਾਲ ਲੜਣ ਦਾ ਐਲਾਨ ਕਰ ਦਿੱਤਾ ਹੈ, ਜਿਸਦੇ ਚੱਲਦੇ ਅਕਾਲੀ ਦਲ ਬਾਦਲ ਲਈ ਸਥਿਤੀ ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਂਗ ਹੋ ਗਈ ਹੈ, ਕਿਉਂਕਿ ਜੇਕਰ ਬੀਬੀ ਨੂੰ ਪ੍ਰਧਾਨ ਦੀ ਚੋਣ ਲੜਣ ਬਦਲੇ ਅਕਾਲੀ ਦਲ ਵਿਚੋਂ ਕੱਢਿਆ ਜਾਂਦਾ ਹੈ ਤਾਂ ਇਸ ਦੀ ਹਾਈਕਮਾਂਡ ਖ਼ਾਸਕਰ ਬਾਦਲ ਪ੍ਰਵਾਰ ਉਪਰ ਇਹ ਦੋਸ਼ ਲੱਗਣਗੇ ਕਿ ਉਹ ਦਲ ਵਿਚ ਡਿਕਟੇਟਰਸ਼ਿਪ ਕਰ ਰਹੇ ਹਨ ਤੇ ਚੁਣੇ ਹੋਏ ਮੈਂਬਰ ਨੂੰ ਚੋਣ ਲੜਣ ਤੋਂ ਰੋਕ ਰਹੇ ਹਨ ਪ੍ਰੰਤੂ ਜੇਕਰ ਕਾਰਵਾਈ ਨਹੀਂ ਕਰਦੇ ਤਾਂ ਪਾਰਟੀ ਵਿਚ ਅਨੁਸਾਸਨ ਬਣਾਈ ਰੱਖਣਾ ਕਾਫ਼ੀ ਔਖਾ ਹੋ ਜਾਵੇਗਾ। ਜਿਸਦੇ ਚੱਲਦੇ ਅੱਜ ਅਨੁਸਾਸਨੀ ਕਮੇਟੀ ਦੀ ਮੀਟਿੰਗ ਮੁੜ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਦੇ ਗ੍ਰਹਿ ਪਿੰਡ ਮਲੂਕਾ ਵਿੱਖੇ ਹੋਈ। ਮੀਟਿੰਗ ਵਿੱਚ ਵਿਰਸਾ ਸਿੰਘ ਵਲਟੋਹਾ ਤੇ ਮਨਤਾਰ ਸਿੰਘ ਬਰਾੜ ਸ਼ਾਮਲ ਹੋਏ। ਬਾਕੀ ਦੋ ਮੈਂਬਰਾਂ ਸ਼ਰਨਜੀਤ ਸਿੰਘ ਢਿੱਲੋਂ ਅਤੇ ਡਾ:ਸੁਖਵਿੰਦਰ ਸੁੱਖੀ ਨਾਲ ਫੋਨ ‘ਤੇ ਸਲਾਹ ਕਰਕੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਬੀਬੀ ਜਗੀਰ ਕੌਰ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਅਨੁਸਾਸਨੀ ਕਮੇਟੀ ਵਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕਾਰਣ ਦੱਸੋ ਨੋਟਿਸ ਜਾਰੀ ਕਰਕੇ 2 ਨਵੰਬਰ ਤੋਂ ਮੁਅੱਤਲ ਕੀਤਾ ਹੋਇਆ ਹੈ। ਕਮੇਟੀ ਮੈਂਬਰਾਂ ਮੁਤਾਬਕ ਬੀਬੀ ਜੀ ਨੇ ਨੋਟਿਸ ਦਾ ਜੋ ਜਵਾਬ ਦਿੱਤਾ ਹੈ ਨਾਂ ਤਾਂ ਉਹ ਤੱਥਾਂ ‘ਤੇ ਅਧਾਰਿਤ ਹੈ ਅਤੇ ਨਾਂ ਹੀ ਸੰਤੁਸ਼ਟੀਜਨਕ ਹੈ।ਪਰ ਫਿਰ ਵੀ ਅਨੁਸਾਸ਼ਨੀ ਕਮੇਟੀ ਵੱਲੋਂ ਬੀਬੀ ਜੀ ਨੂੰ ਇੱਕ ਮੌਕਾ ਹੋਰ ਦੇਂਦਿਆਂ 7 ਨਵੰਬਰ 12ਵਜੇ ਦੁਪਹਿਰ ਨੂੰ ਚੰਡੀਗੜ ਪਾਰਟੀ ਦਫਤਰ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਕੇ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਹੈ।
208 Views