ਸਲਾਬਤਪੁਰਾ ਡੇਰੇ ਚ ਮਾਲਵਾ ਪੱਟੀ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 14 ਨਵੰਬਰ : ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਬੇਅਦਬੀ ਕਾਂਡ ਦੇ ਨਿਰਣਾਇਕ ਮੋੜ ‘ਤੇ ਪੁੱਜਣ ਦਚਰਚਾ ਦੌਰਾਨ ਅੱਜ ਮਾਲਵਾ ਪੱਟੀ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਡੇਰਾ ਸਲਾਬਤਪੁਰਾ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਡੇਰਾ ਪ੍ਰਬੰਧਕਾਂ ਨੇ ਪ੍ਰੇਮੀਆਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾਉਂਦਿਆਂ ਅਗਲੇ ਸਮੇਂ ਵਿੱਚ ਇਕੱਠੇ ਹੋ ਕੇ ਚੱਲਣ ਦਾ ਪ੍ਰਣ ਲਿਆ ਜਿਸਨੂੰ ਡੇਰਾ ਪ੍ਰੇਮੀਆਂ ਨੇ ਉਤਸ਼ਾਹਪੂਰਕ ਜਵਾਬ ਦਿੱਤਾ। ਸਿਆਸੀ ਮਾਹਿਰ ਇਸ ਇਕਜੁੱਟਤਾ ਦੇ ਪ੍ਰਗਟਾਵੇ ਨੂੰ ਦਬਾਅ ਦੀ ਰਾਜਨੀਤੀ ਮੰਨ ਰਹੇ ਹਨ ਪ੍ਰੰਤੂ ਚੋਣਾਂ ਦੇ ਇਸ ਮੌਸਮ ਵਿੱਚ ਡੇਰਾ ਪ੍ਰੇਮੀਆਂ ਦੀ ਮੁੜ ਹਲਚਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਨੂੰ ਵੱਡਾ ਮੋੜਾ ਦੇ ਸਕਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਡੇਰਾ ਸਿਰਸਾ ਤੋਂ ਬਾਅਦ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਚ ਸਥਿਤ ਸਲਾਬਤਪੁਰਾ ਡੇਰਾ ਪ੍ਰੇਮੀਆਂ ਦਾ ਦੂਜਾ ਸਭ ਤੋਂ ਵੱਡਾ ਹੈੱਡਕੁਆਰਟਰ ਹੈ ਜਿੱਥੇ ਪਹਿਲਾਂ ਵੀ ਸਿਆਸੀ ਤੇ ਧਾਰਮਿਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਨਫ਼ਰਤ ਦੇ ਬੀਜ ਬੀਜਣ ਵਾਲੀ ਜਾਮੇ ਇਨਸਾਂ ਪਿਲਾਉਣ ਦੀ ਘਟਨਾ ਪਈ ਮਈ 2017 ਵਿੱਚ ਇੱਥੇ ਹੀ ਵਾਪਰੀ ਸੀ ਜਿਸ ਤੋਂ ਬਾਅਦ ਡੇਰਾ ਮੁਖੀ ਦਾ ਪੰਜਾਬ ਵਿੱਚ ਦਾਖ਼ਲਾ ਬੰਦ ਹੋ ਗਿਆ ਸੀ। ਡੇਰਾ ਪ੍ਰੇਮੀਆਂ ਦੇ ਅੱਜ ਦੇ ਇਕੱਠ ਉੱਪਰ ਸੂਬਾਈ ਤੇ ਕੇਂਦਰੀ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦੀ ਵੀ ਨਜ਼ਰ ਟਿਕੀ ਰਹੀ। ਡੇਰੇ ਨਾਲ ਜੁੜੇ ਸੂਤਰਾਂ ਮੁਤਾਬਕ ਅੱਜ ਦਾ ਇਕੱਠ ਰੁਟੀਨ ਦਾ ਨਹੀਂ ਸੀ ਬਲਕਿ ਪੰਜਾਬ ਸਰਕਾਰ ਵੱਲੋਂ ਡੇਰਾ ਪ੍ਰੇਮੀਆਂ ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਕਸੇ ਜਾ ਰਹੇ ਕਾਨੂੰਨੀ ਸਿਕੰਜੇ ਦੇ ਮੱਦੇਨਜ਼ਰ ਕਾਫੀ ਮਹੱਤਵਪੂਰਨ ਹੈ। ਗੌਰਤਲਬ ਹੈ ਬਲਾਤਕਾਰ ਅਤੇ ਕਤਲ ਆਦਿ ਦੇ ਮਾਮਲਿਆਂ ਚ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਕੋਲੋਂ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਪੁੱਛ ਪੜਤਾਲ ਕਰ ਚੁੱਕੀ ਹੈ ਅਤੇ ਜਲਦ ਹੀ ਉਸੇ ਦੁਬਾਰਾ ਫਿਰ ਜਾਣ ਦੀ ਸੰਭਾਵਨਾ ਹੈ। ਡੇਰਾ ਸਿਰਸਾ ਦਾ ਸਬੰਧ ਅਕਲੇ ਬੇਅਦਬੀ ਕਾਂਡ ਨਾਲ ਹੀ ਨਹੀਂ ਬਲਕਿ ਮੌੜ ਵਿਖੇ ਹੋਏ ਬੰਬ ਬਲਾਸਟ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤੇ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਨ ਲਈ ਵੱਡਾ ਕਦਮ ਪੁੱਟਣ ਜਾ ਰਹੀ ਹੈ ਅਤੇ ਇਸ ਕਦਮ ਨਾਲ ਡੇਰਾ ਸਿਰਸਾ ਦੇ ਮੁਖੀ ਅਤੇ ਇਸ ਦੇ ਮਹੱਤਵਪੂਰਨ ਪ੍ਰੇਮੀਆਂ ਲਈ ਵੀ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਸਿਆਸੀ ਮਾਹਰਾਂ ਮੁਤਾਬਕ ਅਜਿਹੇ ਮਾਹੌਲ ਵਿੱਚ ਡੇਰੇ ਦੇ ਪ੍ਰਬੰਧਕਾਂ ਨੇ ਨਵਾਂ ਪੈਂਤੜਾ ਲਿਆ ਹੈ ਤਾਂ ਕਿ ਉਹ ਸਿਆਸੀ ਲੀਡਰਾਂ ਨੂੰ ਦਿਖਾ ਸਕਣ ਕਿ ਉਹ ਹਾਲੇ ਵੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਟਕਾ ਮਾਰਨ ਦੀ ਸਮਰੱਥਾ ਰੱਖਦੇ ਹਨ। ਚਰਚਾ ਮੁਤਾਬਕ ਅੱਜ ਦਾ ਵੱਡਾ ਇਕੱਠ ਕਰਕੇ ਡੇਰਾ ਪ੍ਰਬੰਧਕਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਤਹਿਤ ਚੋਣਾਂ ਦੇ ਨਜ਼ਦੀਕ ਆਪਣੇ ਵੱਡੇ ਵੋਟ ਬੈਂਕ ਦੇ ਪ੍ਰਦਰਸ਼ਨ ਤੋਂ ਇਲਾਵਾ ਮੌਜੂਦਾ ਮਾਹੌਲ ਵਿੱਚ ਡੇਰਾ ਪ੍ਰੇਮੀਆਂ ਨੂੰ ਇਕਜੁਟ ਕਰਕੇ ਉਨ੍ਹਾਂ ਦਾ ਮਨੋਬਲ ਵਧਾਉਣ ਦੀ ਕੋਸਿਸ ਕੀਤੀ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ ਮਾਲਵੇ ’ਚ ਡੇਰਾ ਪੈਰੋਕਾਰਾਂ ਦੇ ਵੱਡਾ ਪ੍ਰਭਾਵ ਹੈ। ਸਾਲ 2007 ਅਤੇ ਸਾਲ 2012 ਵਿੱਚ ਡੇਰਾ ਪ੍ਰੇਮੀਆਂ ਵਲੋਂ ਕਰਮਵਾਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕੀਤੀ ਗਈ ਸੀ।ਮੌਜੂਦਾ ਪ੍ਰਸਥਿਤੀਆਂ ਵਿੱਚ ਕੋਈ ਵੀ ਸਿਆਸੀ ਧਿਰ ਡੇਰੇ ਨਾਲ ਖੁੱਲ੍ਹ ਕੇ ਚੱਲਣ ਲਈ ਤਿਆਰ ਨਹੀਂ ਇਸ ਦੇ ਇਲਾਵਾ ਸੱਤਾ ਧਿਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਬੇਅਦਬੀ ਕਾਂਡ ਵਿੱਚ ਲੋੜੀਂਦੇ ਡੇਰਾ ਪ੍ਰੇਮੀਆਂ ਦੀ ਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਡੇਰਾ ਪ੍ਰੇਮੀਆਂ ਦੇ ਅੱਜ ਦੇ ਇਕੱਠ ਦੇ ਆਉਣ ਵਾਲੇ ਸਮੇਂ ਵਿੱਚ ਦੂਰਗਾਮੀ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।
ਬੇਅਦਬੀ ਕਾਂਡ ਦੀ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਵੱਲੋਂ ਸ਼ਕਤੀ ਪ੍ਰਦਰਸ਼ਨ
5 Views