ਮਾਝੇ ਤੇ ਦੁਆਬੇ ਦੇ ਨਾਲ ਭਾਜਪਾਈਆਂ ਦੀ ਇਸ ਵਾਰ ਮਾਲਵੇ ’ਤੇ ਅੱਖ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਫਰਵਰੀ: ਪਿਛਲੇ ਸਮੇਂ ਦੌਰਾਨ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਚੱਲੇ ਲੰਮੇ ਸੰਘਰਸ਼ ਕਾਰਨ ਪੰਜਾਬੀਆਂ ਦੇ ਦਿਲਾਂ ਵਿਚੋਂ ਉਤਰੀ ਭਾਰਤੀ ਜਨਤਾ ਪਾਰਟੀ ਨੇ ਮੁੜ ਅਪਣੀ ਸਿਆਸੀ ਪੈਂਠ ਬਣਾਉਣ ਲਈ ਪੂਰੀ ਵਾਹ ਲਗਾਈ ਹੋਈ ਹੈ। ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਭਾਜਪਾ ਲੀਡਰਸ਼ਿਪ ਵਲੋਂ ਇੱਥੇ ਸਿਆਸੀ ਫ਼ੇਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਵਰਚੂਅਲ ਰੈਲੀਆਂ ਤੋਂ ਬਾਅਦ ਹੁਣ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਗਾਤਾਰ ਪੰਜਾਬ ਵਿਚ ਚੋਣ ਰੈਲੀਆਂ ਕਰਨਗੇ। ਭਾਜਪਾ ਦੇ ਸੂਬਾਈ ਆਗੂਆਂ ਮੁਤਾਬਕ ਭਲਕੇ ਸ਼੍ਰੀ ਸ਼ਾਹ ਲੁਧਿਆਣਾ ਵਿਖੇ ਪੁੱਜ ਰਹੇ ਹਨ, ਜਿਸਤੋਂ ਬਾਅਦ ਉਹ 15 ਫ਼ਰਵਰੀ ਨੂੰ ਬਾਦਲਾਂ ਦੇ ਗੜ੍ਹ ਬਠਿੰਡਾ ਵਿਚ ਚੋਣ ਵਿਗਲ ਵਜਾਉਣਗੇ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫ਼ਰਵਰੀ ਨੂੰ ਜਲੰਧਰ, 16 ਨੂੰ ਪਠਾਨਕੋਟ ਅਤੇ 17 ਫ਼ਰਵਰੀ ਨੂੰ ਫ਼ਾਜਲਿਕਾ ਵਿਖੇ ਅਪਣੀ ਪਾਰਟੀ ਤੇ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨਗੇ। ਜਿਕਰਯੋਗ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਸ੍ਰਮਿਤੀ ਇਰਾਨੀ ਵੀ ਪੰਜਾਬ ਵਿਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਚੁੱਕੇ ਹਨ। ਇਸੇ ਤਰਾਂ ਕੇਂਦਰ ਦੇ ਦੋ ਮੰਤਰੀ ਗਜੇਂਦਰ ਸੇਖਾਵਤ ਤੇ ਹਰਦੀਪ ਸਿੰਘ ਪੂਰੀ ਤਰ੍ਹਾਂ ਪਿਛਲੇ ਲਗਭਗ ਇੱਕ ਮਹੀਨੇ ਤੋਂ ਹੀ ਪੰਜਾਬ ਵਿਚ ਡਟੇ ਹੋਏ ਹਨ। ਇੱਥੇ ਦਸਣਾ ਬਣਦਾ ਹੈ ਕਿ ਭਾਜਪਾ ਪਹਿਲੀ ਵਾਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਅਪਣੇ ਦਮ ’ਤੇ ਚੋਣ ਲੜ ਰਹੀ ਹੈ। ਹਾਲਾਂਕਿ ਭਾਜਪਾ ਨੇ ਕਾਂਗਰਸ ਤੋਂ ਵੱਖ ਹੋ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਨਾਲੋਂ ਵੱਖ ਹੋ ਕੇ ਅਕਾਲੀ ਦਲ ਸੰਯੁਕਤ ਦਾ ਗਠਨ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਨਾਲ ਚੋਣ ਗਠਜੋੜ ਕੀਤਾ ਹੋਇਆ ਹੈ ਪ੍ਰੰਤੂ ਦੋਨਾਂ ਪਾਰਟੀਆਂ ਦੇ ਮੁਕਾਬਲੇ ਉਮੀਦਵਾਰਾਂ ਤੇ ਉਨ੍ਹਾਂ ਦੇ ਚੋਣ ਪ੍ਰਚਾਰ ਦਾ ਸਾਰਾ ਦਾਮੋਦਮਾਰ ਭਾਜਪਾ ਦੇ ਮੋਢਿਆ ’ਤੇ ਹੀ ਟਿਕਿਆ ਹੋਇਆ ਹੈ। ਪਾਰਟੀ ਦੇ ਊਚ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਅਕਾਲੀ ਦਲ ਗਠਜੋੜ ਸਮੇਂ ਭਾਜਪਾ ਸਿਰਫ਼ ਮਾਝਾ ਤੇ ਦੁਆਬਾ ਤੱਕ ਹੀ ਕੇਂਦਰਤ ਸੀ, ਜਿੱਥੇ ਉਸਦਾ ਮਜਬੂਤ ਕਾਡਰ ਹੈ ਪ੍ਰੰਤੂ ਸੂਬੇ ਵਿਚ ਆਪਣੀ ਹੋਂਦ ਦਿਖਾਉਣ ਲਈ ਇਸ ਵਾਰ ਮਾਲਵਾ ’ਤੇ ਵਿਸੇਸ ਧਿਆਨ ਦਿੱਤਾ ਜਾ ਰਿਹਾ। ਜਿਸਦੇ ਚੱਲਦੇ ਪ੍ਰਧਾਨ ਮੰਤਰੀ ਦੀ ਇੱਕ ਤੇ ਗ੍ਰਹਿ ਮੰਤਰੀ ਦੀਆਂ ਦੋ ਫ਼ੇਰੀਆਂ ਵੀ ਮਾਲਵਾ ਨੂੰ ਸਮਰਪਿਤ ਹਨ। ਜਿਕਰਯੋਗ ਹੈ ਕਿ ਸੂਬੇ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿਚੋਂ 69 ਇਕੱਲੀਆਂ ਮਾਲਵਾ ਵਿਚ ਹੀ ਪੈਂਦੀਆਂ ਹਨ। ਮਾਲਵਾ ਵਿਚ ਪੈਰ ਜਮਾਉਣ ਲਈ ਭਾਜਪਾ ਵਲੋਂ ਡੇਰਾ ਸਿਰਸਾ ਦੇ ਪ੍ਰੇਮੀਆਂ ਦਾ ਵੀ ਸਾਥ ਲਏ ਜਾਣ ਦੀਆਂ ਚਰਚਾਵਾਂ ਹਨ, ਕਿਉਂਕਿ ਸਿੱਖਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਡੇਰਾ ਮੁਖੀ ਰਾਮ ਰਹੀਮ ਨੂੰ ਪਹਿਲੀ ਵਾਰ 21 ਦਿਨਾਂ ਦੀ ਫ਼ਰਲੋ ਦਿੱਤੀ ਗਈ ਹੈ ਤਾਂ ਕਿ ਪ੍ਰੇਮੀ ਖ਼ੁਸ ਹੋ ਸਕਣ। ਇਸਤੋਂ ਇਲਾਵਾ ਸਿੱਖਾਂ ਤੇ ਖ਼ਾਸਤੌਰ ‘ਤੇ ਦਿਹਾਤੀ ਖੇਤਰਾਂ ਵਿਚ ਅਪਣੀਆਂ ਜੜ੍ਹਾਂ ਮਜਬੂਤ ਕਰਨ ਲਈ ਭਾਜਪਾ ਵਲੋਂ ਵੱਡੀ ਪੱਧਰ ’ਤੇ ਦੂਜੀਆਂ ਪਾਰਟੀਆਂ ਵਿਚੋਂ ਸਿੱਖ ਚਿਹਰਿਆਂ ਨੂੰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਚੋਣ ਵੀ ਲੜਾਇਆ ਜਾ ਰਿਹਾ। ਸੂਬੇ ਦੇ ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਭਾਜਪਾ ਦਾ ਮੁੱਖ ਮੰਤਵ 2022 ਦੀ ਆੜ ’ਚ 2027 ਵਿਚ ਅਪਣੀ ਮਜਬੂਤ ਹੋਂਦ ਬਣਾਉਣਾ ਹੈ, ਜਿਸਦੇ ਲਈ ਇਸ ਵਾਰ ਉਸ ਵਲੋਂ ਵਧੀਆਂ ਪ੍ਰਦਰਸ਼ਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ।
ਭਾਜਪਾ ਦਾ ਪੰਜਾਬ ਪ੍ਰੇਮ: ਅੱਜ ਅਮਿਤ ਸ਼ਾਹ ਤੇ ਭਲਕੇ ਆਉਣਗੇ ਮੋਦੀ
16 Views