ਮਾਲਵਾ ਪੱਟੀ ਦੇ ਕਾਂਗਰਸੀ ‘ਮਨਪ੍ਰੀਤ’ ਦੀ ਘੇਰਾਬੰਦੀ ਕਰਨ ’ਚ ਜੁਟੇ !

0
47

ਲਾਡੀ ਤੋਂ ਬਾਅਦ ਕਾਂਗੜ੍ਹ ਨੇ ਵੀ ਕੱਢੀ ਭੜਾਸ
ਰਾਜਾ ਵੜਿੰਗ ਨੇ ਵੀ ਬਠਿੰਡਾ ਦੇ ਗੇੜੇ ਵਧਾਏ
ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਸੂਬੇ ’ਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਪਹਿਲਾਂ ਨਾਲੋਂ ਜਿਆਦਾ ਮਜਬੂਤ ਹੋ ਕੇ ਨਿਕਲੇ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਮਾਲਵਾ ਪੱਟੀ ’ਚ ਘੇਰਾਬੰਦੀ ਹੋਣ ਦੀ ਸੁਬਗੁਹਾਟ ਸੁਣਾਈ ਦੇਣ ਲੱਗੀ ਹੈ। ਹਾਲਾਂਕਿ ਅਪਣੇ ਸੁਭਾਅ ਮੁਤਾਬਕ ਸ: ਬਾਦਲ ਚੁੱਪ-ਚਪੀਤੇ ਮੈਦਾਨ ’ਚ ਡਟੇ ਹੋਏ ਹਨ ਪ੍ਰੰਤੂ ਉਨ੍ਹਾਂ ਦੇ ਕਾਂਗਰਸ ਦੇ ਅੰਦਰੋਂ ਬੋਲਣ ਵਾਲਿਆਂ ਦੀ ਕਤਾਰ ਲੰਮੀ ਹੋਣ ਲੱਗੀ ਹੈ। ਇਸਦੀ ਸ਼ੁਰੂਆਤ ਸਭ ਤੋਂ ਪਹਿਲਾਂ ਮਨਪ੍ਰੀਤ ਦੇ ਪੁਰਾਣੇ ਹਲਕੇ ਗਿੱਦੜਵਹਾ ਤੋਂ ਦੂਜੀ ਵਾਰ ਵਿਧਾਇਕ ਤੇ ਹੁਣ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੀਤੀ ਸੀ ਤੇ ਜਿਹੜੀ ਅੰਦਰਖਾਤੇ ਹੁਣ ਵੀ ਜਾਰੀ ਰੱਖੀ ਹੋਈ ਹੈ। ਉਨ੍ਹਾਂ ਵਲੋਂ ਹੁਣ ਬਠਿੰਡਾ ਸ਼ਹਿਰ ਦੇ ਗੇੜੇ ਵੀ ਵਧਾ ਦਿੱਤੇ ਗਏ ਹਨ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਦੇ ਨਾਲ ਹੀ ਪੀਪਲਜ਼ ਪਾਰਟੀ ‘ਚੋਂ ਕਾਂਗਰਸ ਵਿਚ ਆਏ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਨੇ ਤਾਂ ਵਿਤ ਮੰਤਰੀ ਵਿਰੁਧ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ ਧਰਨਾ ਲਗਾ ਦਿੱਤਾ ਸੀ। ਹਾਲੇ ਕੁੱਝ ਦਿਨ ਤੋਂ ਮਾਹੌਲ ਠੰਢਾ ਚੱਲ ਰਿਹਾ ਸੀ ਪ੍ਰੰਤੂ ਹੁਣ ਚੰਨੀ ਵਜ਼ਾਰਤ ’ਚ ਬਾਹਰ ਰੱਖੇ ਗਏ ਹਲਕਾ ਫ਼ੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਮੋਰਚਾ ਖੋਲ ਦਿੱਤਾ ਹੈ। ਸਾਬਕਾ ਮਾਲ ਮੰਤਰੀ ਵਲੋਂ ਇੱਕ ਨਿੱਜੀ ਚੈਨਲ ਨਾਲ ਕੀਤੀ ਗਈ ਗੱਲਬਾਤ ਅੱਜ ਸਾਰਾ ਦਿਨ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਜਿਕਰਯੋਗ ਹੈ ਕਿ ਸ: ਕਾਂਗੜ੍ਹ ਕੈਪਟਨ ਖੇਮੇ ਵਿਚ ਮੰਨੇ ਜਾਂਦੇ ਸਨ ਪ੍ਰੰਤੂ ਅੱਜਕੱਲ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਨੇੜੇ ਹਨ ਤੇ ਉਨ੍ਹਾਂ ਦੀ ਮੁੱਖ ਮੰਤਰੀ ਚੰਨੀ ਨਾਲ ਵੀ ‘ਸੂਤ’ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਪਹਿਲਾਂ ਦੋਨਾਂ ਆਗੂਆਂ ਵਿਚਕਾਰ ਕਈ ਮੁੱਦਿਆਂ ਨੂੰ ਲੈ ਕੇ ਖੜਕਦੀ ਰਹੀ ਹੈ ਪ੍ਰੰਤੂ ਹੁਣ ਜਦ ਕਾਂਗੜ੍ਹ ਦੇ ਹੱਥੋਂ ‘ਪਾਵਰ’ ਜਾਂਦੀ ਰਹੀ ਹੈ ਤੇ ਮਨਪ੍ਰੀਤ ਬਾਦਲ ਸਿਆਸੀ ਤੌਰ ’ਤੇ ਤਕੜੇ ਹੋਏ ਹਨ ਤਾਂ ਅਜਿਹੇ ਵਿਚ ਹੁਣ ਉਸਨੂੰ ਅਪਣੀ ਸਿਆਸੀ ਹੋਂਦ ’ਤੇ ਖ਼ਤਰਾ ਵਿਖਾਈ ਦੇਣ ਲੱਗਿਆ ਹੈ। ਜਿਸਦੇ ਚੱਲਦੇ ਆਉਂਦੇ ਦਿਨਾਂ ’ਚ ਇਹ ਸਿਆਸੀ ਟਸਲ ਹੋਰ ਗੰਭੀਰ ਰੁੱਖ ਅਖਤਿਆਰ ਕਰ ਸਕਦੀ ਹੈ। ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਕਾਂਗੜ੍ਹ ਨੂੰ ਸ਼ੱਕ ਹੈ ਕਿ ਵਿਤ ਮੰਤਰੀ ਵਲੋਂ ਉਸਦੇ ਹਲਕੇ ’ਚ ਵਿਰੋਧੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਜਿਸਦੇ ਚੱਲਦੇ ਉਨ੍ਹਾਂ ਹੁਣ ਸਪੱਸ਼ਟ ਤੌਰ ’ਤੇ ਵਿਤ ਮੰਤਰੀ ਵਲ ਇਸ਼ਾਰਾ ਕਰਕੇ ਮੁੱਖ ਮੰਤਰੀ ਚੰਨੀ ਨੂੰ ਬਚਣ ਦੀ ਸਲਾਹ ਦਿੱਤੀ ਹੈ। ਇੱਥੇ ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵੀ ਬਠਿੰਡਾ ਸ਼ਹਿਰੀ ਸੀਟ ਖੁੱਸਣ ਕਾਰਨ ਵਿਤ ਮੰਤਰੀ ਨਾਲ ਨਰਾਜ਼ ਚੱਲੇ ਆ ਰਹੇ ਹਨ। ਜਦੋਂਕਿ ਮਾਨਸਾ ਹਲਕੇ ਦੇ ਧੜੱਲੇਦਾਰ ਸਿਆਸੀ ਪ੍ਰਵਾਰ ਮੰਨੇ ਜਾਂਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦਾ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਸ: ਬਾਦਲ ਨਾਲ ਛੱਤੀ ਦਾ ਅੰਕੜਾ ਚੱਲਦਾ ਆ ਰਿਹਾ। ਜਦੋਂਕਿ ਮਾਲਵਾ ਪੱਟੀ ਦਾ ਇੱਕ ਹੋਰ ਸੀਨੀਅਰ ਵਿਧਾਇਕ ਜੋ ਯੋਗ ਹੋਣ ਦੇ ਬਾਵਜੂਦ ਪਹਿਲਾਂ ਕੈਪਟਨ ਤੇ ਹੁਣ ਚੰਨੀ ਸਰਕਾਰ ਵਿਚ ਮੰਤਰੀ ਬਣਨ ਤੋਂ ਵਾਂਝੇ ਰਹਿ ਗਏ ਹਨ, ਨੂੰ ਵੀ ਅੰਦਰ ਖ਼ਾਤੇ ਦੁਖੀ ਦਸਿਆ ਜਾ ਰਿਹਾ ਹੈ। ਅਜਿਹੇ ਹਾਲਾਤਾਂ ’ਚ ਆਉਣ ਵਾਲੇ ਦਿਨਾਂ ‘ਚ ਪੰਜਾਬ ਦੀ ਸਿਆਸਤ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਮਾਲਵਾ ਖੇਤਰ ਅੰਦਰ ਕਾਂਗਰਸ ਪਾਰਟੀ ਦੇ ਸਿਆਸੀ ਹਾਲਾਤ ਕਾਫ਼ੀ ਰੌਚਕ ਹੋ ਸਕਦੇ ਹਨ।

LEAVE A REPLY

Please enter your comment!
Please enter your name here