ਜ਼ਿਲ੍ਹਾ ਅਧਿਕਾਰੀਆਂ ਨੇ ਮੰਗਿਆ ਸਪੱਸ਼ਟੀਕਰਨ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼ ਦੇ ਚੱਲਦਿਆਂ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ ਗਿਰਦਾਵਰੀ ਦੇ ਦਿੱਤੇ ਆਦੇਸ਼ਾਂ ਤਂੋ ਬਾਅਦ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇੱਕ ਮਾਲ ਪਟਵਾਰੀ ਵਲੋਂ ਇਸ ਕੰਮ ਨੂੰ ਅਮਲੀ ਰੂਪ ’ਚ ਲਾਗੂ ਕਰਨ ਸਬੰਧੀ ਸੋਸਲ ਮੀਡੀਆ ’ਤੇ ਕੀਤੀਆਂ ਟਿੱਪਣੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਇਹ ਟਿੱਪਣੀਆਂ ਸੋਸਲ ਮੀਡੀਆ ’ਤੇ ਵਾਈਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਬੰਧਤ ਪਟਵਾਰੀ ਤੋਂ ਸਪੱਸ਼ਟੀਕਰਨ ਮੰਗ ਲਿਆ ਹੈ। ਇਸਦੀ ਪੁਸ਼ਟੀ ਕਰਦਿਆਂ ਇੱਕ ਅਧਿਕਾਰੀ ਨੇ ਦਸਿਆ ਕਿ ‘‘ ਇੱਕ ਸਰਕਾਰੀ ਮੁਲਾਜਮ ਹੋਣ ਦੇ ਚੱਲਦੇ ਕੋਈ ਵੀ ਮੁਲਾਜਮ ਸਰਕਾਰ ਦੇ ਫੈਸਲਿਆਂ ਉਪਰ ਸਵਾਲ ਖ਼ੜੇ ਨਹੀਂ ਕਰ ਸਕਦਾ ਹੈ। ’’ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਮੌਸਮੀ ਬਾਰਸ਼ਾਂ ਕਾਰਨਾਂ ਕਣਕਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ ਤੇ ਇਸ ਦੌਰਾਨ ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਲਬਰਾਹ ਵਿਖੇ ਵੀ ਆਏ ਸਨ। ਮੁੱਖ ਮੰਤਰੀ ਨੇ ਦੌਰੇ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਨਾਲ ਹੀ ਉਨ੍ਹਾਂ ਪਟਵਾਰੀਆਂ ਨੂੰ ਵੀ ਜਮੀਨੀ ਪੱਧਰ ’ਤੇ ਜਾ ਕੇ ਗਿਰਦਾਵਰੀਆਂ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਸਨ। ਉਧਰ ਮੁੱਖ ਮੰਤਰੀ ਦੇ ਇੰਨਾਂ ਹੁਕਮਾਂ ਉਪਰ ਜ਼ਿਲ੍ਹੇ ਦੇ ਇੱਕ ਪਟਵਾਰੀ ਨੇ ਸੋਸਲ ਮੀਡੀਆ ਉਪਰ ਟਿੱਪਣੀ ਕਰ ਦਿੱਤੀ, ਜਿਸ ਵਿਚ ਉਸਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਪਟਵਾਰੀਆਂ ਦੀ ਗਿਣਤੀ ਪਹਿਲਾਂ ਹੀ ੁਬਹੁਤ ਘੱਟ ਹੈ। ਜਿਸਦੇ ਚੱਲਦੇ ਹੇਠਲੇ ਪੱਧਰ ਉਪਰ ਗਿਰਦਾਵਰੀ ਦਾ ਕੰਮ ਸੰਭਵ ਨਹੀਂ ਹੈ। ਪਟਵਾਰੀ ਦੀ ਇਸ ਟਿੱਪਣੀ ਦਾ ਕੁੱਝ ਲੋਕਾਂ ਨੇ ਸ਼ਕਰੀਨ ਸ਼ਾਟ ਲੈ ਕੇ ਇਸਨੂੰ ਅੱਗੇ ਵਾਈਰਲ ਕਰਨਾ ਸ਼ੁਰੂ ਕਰ ਦਿੱਤਾ। ਜਿਸਤੋਂ ਬਾਅਦ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਧਿਆਨ ਵਿਚ ਆ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਉਕਤ ਪਟਵਾਰੀ ਨੂੰ ਨੋਟਿਸ ਭੇਜ ਦਿੱਤਾ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਇਹ ਨੋਟਿਸ ਇਸ ਲਈ ਜਾਰੀ ਕੀਤਾ ਗਿਆ ਹੈ ਤੇ ਉਕਤ ਪਟਵਾਰੀ ਨੂੰ ਗਿਰਦਾਵਰੀ ਵਿਚ ਕੀ ਸਮੱਸਿਆ ਆ ਰਹੀ ਸੀ ਤੇ ਜੇਕਰ ਕੋਈ ਸਮੱਸਿਆ ਸੀ ਤਾਂ ਕੀ ਉਸਨੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਂਦਾ, ਨਹੀਂ ਤਾਂ ਇਹ ਬਿਲਕੁਲ ਸਹਿਣ ਨਹੀਂ ਕੀਤਾ ਜਾ ਸਕਦਾ ਹੈ ਕਿ ਇੱਕ ਸਰਕਾਰੀ ਮੁਲਾਜਮ ਹੀ ਇਸ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਲੋਕਾਂ ਵਿਚ ਫੈਲਾਏ। ’’
18 Views