9 ਅਕਤੂਬਰ ਨੂੰ ਮੁਹਾਲੀ ਵਿਖੇ ਪ੍ਰਦਰਸ਼ਨ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ: ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ 9 ਅਕਤੂਬਰ ਨੂੰ ਮੁਹਾਲੀ ਵਿਖੇ ਰੱਖੇ ਰੋਸ਼ ਪ੍ਰਦਰਸ਼ਨ ਦੀਆਂ ਤਿਆਰੀਆਂ ਤਹਿਤ ਅੱਜ ਜ਼ਿਲ੍ਹੇ ਦੀ ਮੀਟਿੰਗ ਕੀਤੀ ਗਈ। ਸੂਬਾ ਪ੍ਰਧਾਨ ਮੀਤ ਪ੍ਰਧਾਨ ਜਲ ਕੌਰ, ਸਿੰਦਰ ਕੌਰ ਸਿਬੀਆ, ਕੁਲਵੰਤ ਕੌਰ ਕਲਿਆਣ ਨੇ ਕਿਹਾ ਕਿ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੀਆਂ ਜਥੇਬੰਦੀਆਂ ਨੂੰ ਆਪਣਾ ਸੰਘਰਸ਼ ਰੋਕਣ ਦੀ ਅਪੀਲ ਕਰਦੇ ਹੋਏ ਸਭ ਦੀਆਂ ਮੰਗਾਂ ਸੁਣਨ ਦਾ ਵਾਅਦਾ ਕੀਤਾ ਸੀ। ਪਰ ਕੁੱਕ ਫਰੰਟ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਅਪੀਲ ਕਰਨ ਤੋਂ ਬਾਅਦ ਵੀ ਅਜੇ ਤਾਂਈ ਕੋਈ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ਲਈ ਫਰੰਟ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਮੁਹਾਲੀ ਵਿਖੇ 9 ਅਕਤੂਬਰ ਨੂੰ ਮਿਡ ਡੇ ਮੀਲ ਕੁੱਕ ਬੀਬੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਉਨਾਂ ਇਹ ਵੀ ਮੰਗ ਕੀਤੀ ਕਿ ਮਿਡ ਡੇ ਮੀਲ ਕੁੱਕ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆ ਕੇ ਸਰਕਾਰ ਆਪਣੇ ਵਾਅਦੇ ਅਨੁਸਾਰ ਕੁੱਕ ਦੀ ਤਨਖਾਹ ਤੁਰੰਤ ਦੁੱਗਣੀ ਕਰੇ ਅਤੇ ਦੋ ਮਹੀਨੇ ਦੀ ਤਨਖਾਹ ਕੱਟਣੀ ਬੰਦ ਕਰੇ। ਉਨਾਂ ਦੱਸਿਆ ਕਿ ਹਰਿਆਣਾ ਸਰਕਾਰ ਮਿਡ ਡੇ ਮੀਲ ਕੁੱਕ ਨੂੰ 4500 ਰੁਪਏ ਮਹੀਨਾ ਦੇ ਰਹੀ ਹੈ, ਜਦੋਂ ਕਿ ਪੰਜਾਬ ਵਿੱਚ ਮਈ ਮਹੀਨੇ ਤੋਂ ਪਹਿਲਾਂ 1700 ਰੁਪਏ ਅਤੇ ਮਈ ਮਹੀਨੇ ਤੋਂ 2200 ਰੁਪਏ ਮਿਡ ਡੇ ਮੀਲ ਕੁੱਕ ਨੂੰ ਦੇ ਰਹੀ ਹੈ।
30 Views