ਮੁਆਵਜ਼ਾ ਲੈਣ ਲਈ ਕਿਸਾਨਾਂ ਦਾ ਸੰਘਰਸ਼ ਜਾਰੀ, ਦੂਜੇ ਦਿਨ ਵੀ ਘੇਰੀ ਰੱਖਿਆ ਮਿੰਨੀ ਸਕੱਤਰੇਤ

0
37

ਕਿਸਾਨਾਂ ਦੇ ਰੁੱਖ ਨੂੰ ਦੇਖਦਿਆਂ ਸਰਕਾਰੀ ਦਫ਼ਤਰਾਂ ’ਚ ਰਿਹਾ ਛੁੱਟੀ ਵਾਲਾ ਮਾਹੌਲ
ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ: ਗੁਲਾਬੀ ਸੁੰਡੀ ਅਤੇ ਮੀਂਹ-ਝੱਖੜ ਨਾਲ ਨਰਮਾ ਤੇ ਝੋਨੇ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੱਜ ਦੂਜੇ ਦਿਨ ਵੀ ਅਪਣਾ ਸੰਘਰਸ਼ ਜਾਰੀ ਰੱਖਿਆ। ਨਰਮਾ ਪੱਟੀ ਦੇ ਅੱਠ ਜ਼ਿਲ੍ਹਿਆਂ ਦੇ ਸੈਕੜਿਆਂ ਦੀ ਤਾਦਾਦ ਵਿਚ ਇਕੱਤਰ ਹੋਏ ਕਿਸਾਨਾਂ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਰਾਤ ਸਮੇਂ ਵੀ ਸਕੱਤਰੇਤ ਦੇ ਆਸਪਾਸ ਟਿਕੇ ਰਹੇ। ਅੱਜ ਸਵੇਰੇ ਸਰਕਾਰੀ ਦਫ਼ਤਰਾਂ ਦੇ ਖੁੱਲਣ ਦਾ ਸਮਾਂ ਹੁੰਦੇ ਹੀ ਮੁਲਾਜਮ ਸਕੱਤਰੇਤ ਦੇ ਗੇਟਾਂ ’ਤੇ ਪੁੱਜਣ ਦੀ ਕੋਸ਼ਿਸ਼ ਕਰਨ ਲੱਗੇ ਪ੍ਰੰਤੂ ਕਿਸਾਨਾਂ ਦੇ ਵਿਰੋਧ ਕਾਰ ਜਿਆਦਾਤਰ ਨੂੰ ਵਾਪਸ ਮੁੜਣਾ ਪਿਆ। ਹਾਲਾਂਕਿ ਕੁੱਝ ਮੁਲਾਜਮ ਕੰਧਾਂ ਟੱਪ ਕੇ ਅੰਦਰ ਜਾਂਦੇ ਦੇਖੇ ਗਏ। ਜਿਸਦੇ ਚੱਲਦੇ ਸਕੱਤਰੇਤ ਅੰਦਰ ਛੁੱਟੀ ਵਾਲਾ ਮਾਹੌਲ ਰਿਹਾ। ਉਜ ਕਈ ਅਫ਼ਸਰਾਂ ਨੇ ਅਪਣੇ ਘਰਾਂ ਤੇ ਹੋਰ ਬਾਹਰਲੇ ਦਫ਼ਤਰਾਂ ਤੋਂ ਅਪਣਾ ਜਰੂਰੀ ਕੰਮਕਾਜ਼ ਨਿਪਟਾਇਆ। ਇਸ ਦੌਰਾਨ ਮੁੱਖ ਮੰਤਰੀ ਵਲੋਂ ਰੱਖੀ ਇਨਵੇਸਟਮੈਂਟ ਦੇ ਸਮਾਗਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਚ ਕਰਨਾ ਪਿਆ। ਉਧਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਅਣਮਿਥੇ ਸਮੇਂ ਲਈ ਚੱਲੇ ਰਹੇ ਘਿਰਾਓ ਦੌਰਾਨ ਅੱਜ ਦੂਜੇ ਦਿਨ ਵੀ ਕਿਸਾਨਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਰਕਾਰੀ ਚੁੱਪ ਨੂੰ ਤੋੜਨ ਲਈ ਕਿਸਾਨਾਂ ਵਲੋਂ ਅੱਜ ਡੀ ਸੀ ਦੀ ਰਿਹਾਇਸ ਦਾ ਸੰਕੇਤਕ ਤੌਰ ਘਿਰਾਓ ਵੀ ਕੀਤਾ ਗਿਆ। ਸਕੱਤਰੇਤ ਦੇ ਤਿੰਨਾਂ ਗੇਟਾਂ ਅੱਗੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਗੁਰਮੀਤ ਕੌਰ ਕੋਕਰੀ ਕਲਾਂ, ਕਮਲਜੀਤ ਕੌਰ ਬਰਨਾਲਾ, ਸਰੋਜ ਰਾਣੀ ਦਿਆਲਪੁਰਾ, ਕਰਮਜੀਤ ਕੌਰ ਲਹਿਰਾਖਾਨਾ, ਰਾਜਨਦੀਪ ਕੌਰ ਫਾਜਲਿਕਾ ਨੇ ਕਾਂਗਰਸ ਦੀ ਚੰਨੀ ਸਰਕਾਰ ‘ਤੇ ਦੋਸ ਲਾਇਆ ਕਿ ਉਸਨੇ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਪੂਰਾ ਢੁੱਕਵਾਂ ਮੁਆਵਜਾ ਲੈਣ ਲਈ ਕਿਸਾਨਾਂ ਵੱਲੋਂ 15 ਦਿਨਾਂ ਤੱਕ ਖਜਾਨਾ ਮੰਤਰੀ ਦੇ ਬੰਗਲੇ ਦੇ ਘਿਰਾਓ ਨੂੰ ਨਜਰਅੰਦਾਜ ਕਰਕੇ ਮੁਜਰਮਾਨਾ ਚੁੱਪ ਧਾਰੀ ਰੱਖੀ। ਸੱਚੇ ਹੋਣ ਲਈ ਅਫਸਰਸਾਹੀ ਵੱਲੋਂ ਕੀਤੀ ਮੀਟਿੰਗ ਵਿੱਚ ਵੀ ਕਿਸਾਨ ਆਗੂਆਂ ਦੇ ਪੱਲੇ ਕੋਝੇ ਮਖੌਲਾਂ ਤੋਂ ਬਿਨਾ ਕੁੱਝ ਨਹੀਂ ਪਾਇਆ ਗਿਆ। ਇਸੇ ਕਰਕੇ ਕਿਸਾਨਾਂ ਨੂੰ ਸਰਕਾਰ ਦੀ ਇਸ ਮੁਜਰਮਾਨਾ ਚੁੱਪ ਨੂੰ ਤੋੜਨ ਲਈ ਸਕੱਤਰੇਤ ਦਾ ਕੰਮਕਾਜ ਠੱਪ ਕਰਨਾ ਪਿਆ ਹੈ। ਅਜੇ ਵੀ ਮੁੱਖ ਮੰਤਰੀ ਚੰਨੀ ਵੱਲੋਂ ਸਹਿਰਾਂ ਤੇ ਬੱਸਾਂ ਉੱਤੇ ਵੱਡੇ ਬੈਨਰ ਲਗਵਾ ਕੇ ਪੀੜਤ ਕਿਸਾਨਾਂ ਨੂੰ ਨਰਮੇ ਦਾ ਮੁਆਵਜਾ ਦੇਣ ਬਾਰੇ ਨੰਗਾ ਚਿੱਟਾ ਝੂਠ ਬੋਲਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਅਜਿਹੇ ਸਾਰੇ ਝੂਠ ਦੇ ਪੁਲੰਦੇ ਕਿਸਾਨ ਵਲੰਟੀਅਰਾਂ ਵੱਲੋਂ ਪੰਜਾਬ ਭਰ ਵਿੱਚ ਮਿਟਾਏ/ਉਤਾਰੇ ਜਾਣਗੇ। ਕਿਸਾਨਾਂ ਦੀ ਮੰਗ ਹੈ ਕਿ ਨਰਮੇ ਅਤੇ ਝੋਨੇ ਦੀ ਤਬਾਹੀ ਤੋਂ ਪੀੜਤ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਅਤੇ ਨਰਮੇ ਵਾਲੇ ਪਿੰਡਾਂ ਦੇ ਖੇਤ ਮਜਦੂਰਾਂ ਨੂੰ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜਾ ਦਿੱਤਾ ਜਾਵੇ। ਤਬਾਹੀ ਦੀਆਂ ਦੋਸੀ ਨਕਲੀ ਬੀਜ/ਦਵਾਈਆਂ ਬਣਾਉਣ ਵੇਚਣ ਵਾਲੀਆਂ ਕੰਪਨੀਆਂ ਤੇ ਉਨ੍ਹਾਂ ਨਾਲ ਮਿਲੀਭੁਗਤ ਦੇ ਸਰਕਾਰੀ ਦੋਸੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।ਇਸ ਤਬਾਹੀ ਤੋਂ ਪੀੜਤ ਖੁਦਕੁਸੀਆਂ ਦਾ ਸਕਿਾਰ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ ਤੇ ਮੁਕੰਮਲ ਕਰਜਾ ਮੁਕਤੀ ਤੋਂ ਇਲਾਵਾ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

LEAVE A REPLY

Please enter your comment!
Please enter your name here