ਮੁੱਖ ਮੰਤਰੀ ਚੰਨੀ ਅਤੇ ਸਿੱਧੂ ਸਦਕਾ 80 ਤੋਂ ਵੱਧ ਸੀਟਾਂ ਦਾ ਰਿਕਾਰਡ ਬਣਾਵਾਂਗੇ: ਰਾਜਾ ਵੜਿੰਗ

0
59

ਸੁਖਜਿੰਦਰ ਮਾਨ
ਚੰਡੀਗੜ੍ਹ/ਜਲੰਧਰ, 14 ਨਵੰਬਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੁਹਰਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ 2022 ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗੀ।ਸ੍ਰੀ ਵੜਿੰਗ ਨੇ ਰਾਜ ਵਿਆਪੀ ਸੜਕ ਸੁਰੱਖਿਆ ਮੁਹਿੰਮ ਦੀ ਸੁਰੂਆਤ ਤੋਂ ਬਾਅਦ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, “ਅਸੀਂ ਅਗਲੇ ਸਾਲ 80 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਨਵਾਂ ਰਿਕਾਰਡ ਕਾਇਮ ਕਰਾਂਗੇ।“ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੁੱਟ ਦੀਆਂ ਅਫਵਾਹਾਂ ਨੂੰ ਮੁੱਢੋਂ ਰੱਦ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਖੁੱਲ੍ਹੀ ਆਲੋਚਨਾ ਕਾਂਗਰਸ ਦੇ ਸਿਧਾਂਤ ਦਾ ਹਿੱਸਾ ਹੈ ਅਤੇ ਜਦੋਂ ਵੀ ਮੈਂ ਕੋਈ ਮੁੱਦਾ ਉਠਾਉਂਦਾ ਹਾਂ ਤਾਂ ਰਾਹੁਲ ਗਾਂਧੀ ਮੈਨੂੰ ਜ਼ਿਆਦਾ ਸਮਾਂ ਦਿੰਦੇ ਹਨ ਅਤੇ ਮੇਰੀ ਗੱਲ ਸੁਣਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਸੰਕਲਪ ਨੂੰ ਦੇਖ ਲਿਆ ਹੈ ਅਤੇ ਇੱਕ ਵਾਰ ਫਿਰ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦੇਣਗੇ।ਅਹੁਦਾ ਸੰਭਾਲਣ ਤੋਂ ਬਾਅਦ ਪਿਛਲੇ ਛੇ ਹਫਤਿਆਂ ਦੌਰਾਨ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸ਼੍ਰੀ ਵੜਿੰਗ ਨੇ ਕਿਹਾ ਕਿ ਮਾਲੀਏ ਵਿੱਚ ਰੋਜਾਨਾ 1 ਕਰੋੜ ਰੁਪਏ ਦਾ ਵਾਧਾ ਸਾਰੇ ਪੰਜਾਬੀਆਂ ਵਾਸਤੇ ਪਾਰਦਰਸੀ ਅਤੇ ਕੁਸਲ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਪ੍ਰਕਿਰਿਆ ਦੀ ਸੁਰੂਆਤ ਹੈ।ਪੰਜਾਬ ਦੇ ਵਸੀਲਿਆਂ ਦੀ ਲੁੱਟ ਵਿੱਚ ਬਾਦਲਾਂ ਨਾਲ ਮਿਲੀਭੁਗਤ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸਾਨੇ ‘ਤੇ ਲੈਂਦਿਆਂ ਸ਼੍ਰੀ ਵੜਿੰਗ ਨੇ ਕਿਹਾ ਕਿ 6600 ਕਰੋੜ ਰੁਪਏ ਦੇ ਮਾਲੀਏ ਦੀ ਚੋਰੀ ਹੋਈ ਹੈ, ਜੋ ਸਾਡੇ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਵਰਤੀ ਜਾਣੀ ਚਾਹੀਦੀ ਸੀ।ਸ਼੍ਰੀ ਵੜਿੰਗ ਨੇ ਜੋਰ ਦੇ ਕੇ ਕਿਹਾ ਕਿ ਸਰਕਾਰ ਦੇ ਮੁਖੀ ਵਜੋਂ ਕੈਪਟਨ ਅਮਰਿੰਦਰ ਇਸ ਗੜਬੜੀ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।ਪੰਜਾਬ ਦੇ ਹੱਕਾਂ ਪ੍ਰਤੀ ਦੋਗਲੇ ਸਟੈਂਡ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਸ਼੍ਰੀ ਵੜਿੰਗ ਨੇ ਕਿਹਾ ਕਿ ਬਾਦਲਾਂ ਨੂੰ ਦਿੱਲੀ ਏਅਰਪੋਰਟ ਤੱਕ ਬੱਸਾਂ ਚਲਾਉਣ ਦੀ ਇਜਾਜ਼ਤ ਦੇ ਕੇ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਆਗਿਆ ਨਾ ਦੇਣਾ ਕੇਜਰੀਵਾਲ ਦੇ ਅਸਲ ਰੰਗਾਂ ਅਤੇ ਬਾਦਲਾਂ ਨਾਲ ਉਸ ਦੀ ਮਿਲੀਭੁਗਤ ਨੂੰ ਬੇਪਰਦ ਕਰਦਾ ਹੈ।

LEAVE A REPLY

Please enter your comment!
Please enter your name here