ਗੁਲਾਬੀ ਸੁੰਡੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੰਗ ਰਹੇ ਹਨ ਕਿਸਾਨ ਮੁਆਵਜ਼ਾ
ਸੁਖਜਿੰਦਰ ਮਾਨ
ਬਠਿੰਡਾ, 6 ਅਕਤੂਬਰ: ਗੁਲਾਬੀ ਸੁੰਡੀ ਤੇ ਭਾਰੀ ਮੀਂਹ ਕਰਕੇ ਨਰਮੇ ਦੀ ਫਸਲ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ , ਰਾਮ ਸਿੰਘ ਭੈਣੀਬਾਘਾ , ਗੁਰਭੇਜ ਸਿੰਘ ਰੋਹੀਵਾਲਾ, ਗੁਰਭਗਤ ਭਲਾਈਆਣਾ, ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਅਤੇ ਔਰਤ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਇਸ ਵਾਰ ਗੁਲਾਬੀ ਸੁੰਡੀ ਦੇ ਕਾਰਨ ਨਰਮੇ ਦੀ ਫਸਲ ਤਬਾਹ ਹੋ ਚੁੱਕੀ ਹੈ।ਇਸਤੋਂ ਬਿਨਾਂ ਭਾਰੀ ਬਾਰਸ ਦੇ ਕਾਰਨ ਨਰਮਾ ਅਤੇ ਹੋਰ ਫਸਲਾਂ ਵੀ ਤਬਾਹ ਹੋ ਚੁੱਕੀਆਂ ਹਨ ।ਰਹਿੰਦੀ ਕਸਰ ਕੱਲ ਵਾਲੇ ਭਿਆਨਕ ਤੂਫਾਨ ਨੇ ਕੱਢ ਦਿੱਤੀ ਜਿਸ ਨੇ ਝੋਨਾ ਸਮੇਤ ਸਾਰੀਆਂ ਫਸਲਾਂ ਦੀ ਵੱਡੀ ਪੱਧਰ ਤੇ ਤਬਾਹੀ ਕਰ ਦਿੱਤੀ ।
ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਿਸਾਨਾਂ ਲਈ ਗਲਾ ਕਟਾਉਣ ਦਾ ਐਲਾਨ ਕਰਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਵੀ ਜਰੂਰਤ ਨਹੀਂ ਸਮਝੀ। ਇਸ ਮੌਕੇ ਬਲਾਕ ਗਿਦੜਬਾਹਾ ,ਲੰਬੀ ਅਤੇ ਲੱਖੇਵਾਲੀ ਦੇ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਨੇ ਮੋਰਚੇ ਵਿੱਚ ਪਹੁੰਚ ਕੇ 5000 ਰੁਪਏ ਆਰਥਿਕ ਸਹਾਇਤਾ ਕੀਤੀ । ਡਾ . ਮਨਜਿੰਦਰ ਸਿੰਘ ਸਰਾਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਕਿਸਾਨ ਕਮੇਟੀਆਂ ਬਣਾਉਣ ਅਤੇ ਸਥਾਪਿਤ ਕਮੇਟੀਆਂ ਨੂੰ ਹੋਰ ਮਜਬੂਤ ਕਰਨ ਲਈ ਪਿੰਡਾਂ ਦੇ ਡਾਕਟਰਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਵਿਤ ਮੰਤਰੀ ਦੇ ਘਰ ਅੱਗੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
3 Views