ਮਾਮਲਾ ਫ਼ਿਰੌਤੀ ਲਈ ਵਪਾਰੀ ਦੇ ਘਰ ਅੱਗੇ ਪੈਟਰੋਲ ਪੰਪ ਸੁੱਟਣ ਦਾ
ਸਪੈਸ਼ਲ ਸਟਾਫ਼ ਦਾ ਇੱਕ ਪੁਲਿਸ ਮੁਲਾਜਮ ਵੀ ਚਰਚਾ ’ਚ
ਸੁਖਜਿੰਦਰ ਮਾਨ
ਬਠਿੰਡਾ, 22 ਸਤੰਬਰ –ਲੰਘੀ 5 ਸਤੰਬਰ ਨੂੰ ਸ਼ਹਿਰ ਦੇ ਇੱਕ ਵਪਾਰੀ ਰਜਿੰਦਰ ਮੰਗਲਾ ਦੇ ਘਰ ਅੱਗੇ ਫ਼ਿਰੌਤੀ ਲਈ ਪੈਟਰੋਲ ਬੰਬ ਸੁੱਟਣ ਦਾ ਮਾਮਲਾ ਦਿਨ-ਬ-ਦਿਨ ਸਿਆਸੀ ਘੁੰਮਣਘੇਰੀਆਂ ਵਿਚ ਫ਼ਸਦਾ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਨੇ ਇਸ ਕਾਂਡ ਦੇ ਮੁੱਖ ਸਰਗਨਾਂ ਲਾਲੀ ਮੋੜ ਸਹਿਤ ਅੱਧੀ ਦਰਜ਼ਨ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ ਪ੍ਰੰਤੂ ਇਸ ਕਾਂਡ ਕਾਰਨ ਚਰਚਾ ਵਿਚ ਆਏ ਪੰਕਜ਼ ਉਰਫ਼ ਚਿੰਕੀ ਦੇ ਨਾਲ ਸਬੰਧਾਂ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਆਹਮੋ ਸਾਹਮਣੇ ਆਏ ਹੋਏ ਹਨ। ਇਸ ਮਾਮਲੇ ਵਿਚ ਜਿੱਥੇ ਦੋਨਾਂ ਧਿਰਾਂ ਨੇ ਉਕਤ ਕਥਿਤ ਦੋਸ਼ੀਆਂ ਦੀਆਂ ਇੱਕ-ਦੂਜੇ ਫ਼ੋਟੋਆਂ ਵਾਇਰਲ ਕਰਕੇ ਨਜਦੀਕੀ ਹੋਣ ਦੇ ਦੋਸ਼ ਲਗਾਏ ਸਨ। ਉਥੇ ਕੁੱਝ ਦਿਨ ਪਹਿਲਾਂ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਸਾਥੀਆਂ ਨਾਲ ਪ੍ਰੈਸ ਕਾਨਫਰੰਸ ਕਰਕੇ ਚਿੰਕੀ ਦੇ ਕਾਂਗਰਸੀ ਲੀਡਰਾਂ ਨਾਲ ਨੇੜਤਾ ਵਾਲੀਆਂ ਫ਼ੋਟੋਆਂ ਦੀ ਪ੍ਰਦਰਸ਼ਨੀ ਵੀ ਲਗਾਈ ਸੀ। ਹਾਲਾਂਕਿ ਉਸ ਸਮੇਂ ਕਾਂਗਰਸੀ ਆਗੂਆਂ ਨੇ ਇਸਦਾ ਜਵਾਬ ਨਹੀਂ ਦਿੱਤਾ ਸੀ ਪ੍ਰੰਤੂ ਕਈ ਦਿਨਾਂ ਤੋਂ ਬਾਅਦ ਵਾਪਸ ਬਠਿੰਡਾ ’ਚ ਆਏ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਅਪਣੇ ਨਾਲ ਸ਼ਹਿਰ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਨੂੰ ਲੈ ਕੇ ਅਕਾਲੀਆਂ ਨੂੰ ਜਵਾਬ ਦਿੰਦਿਆਂ ਨਾ ਸਿਰਫ਼ ਚਿੰਕੀ ਦੀ ਸਾਬਕਾ ਵਿਧਾਇਕ ਨਾਲ ਫ਼ੋਟੋ, ਬਲਕਿ ਯੂਥ ਅਕਾਲੀ ਦਲ ਦੇ ਆਗੂਆਂ ਤੇ ਕੁੱਝ ਸਾਬਕਾ ਕੋਂਸਲਰਾਂ ਨੂੰ ਵੀ ਲਪੇਟੇ ਵਿਚ ਲੈਂਦਿਆਂ ਉਨ੍ਹਾਂ ਦੇ ਗੈਗਸਟਰਾਂ ਨਾਲ ਸਬੰਧਾਂ ਦੇ ਦੋਸ਼ ਲਗਾਏ। ਇਸ ਦੌਰਾਨ ਫ਼ੇਸਬੁੱਕ ’ਤੇ ਲਾਈਵ ਹੋਏ ਜੌਹਲ ਨੇ ਪੁਲਿਸ ਦੇ ਸਪੈਸ਼ਲ ਸਟਾਫ਼ ਵਿਚ ਤੈਨਾਤ ਇੱਕ ਕਾਂਸਟੇਬਲ ਨੂੰ ਸ਼ੱਕ ਦੇ ਦਾਈਰੇ ਵਿਚ ਲਿਆਉਂਦਿਆਂ ਉਕਤ ਕਾਂਸਟੇਬਲ ਤੇ ਅਕਾਲੀ ਆਗੂ ਦੀ ਕਾਲ ਡਿਟੇਲ ਕਢਵਾ ਕੇ ਪੁਲਿਸ ਅਧਿਕਾਰੀਆਂ ਕੋਲ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।