ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਗਰ ਨਿਗਮ ਦੇ ਸਹਿਯੋਗ ਸਦਕਾ ਇਸਾਈ ਭਾਈਚਾਰੇ ਲਈ 1.5 ਏਕੜ ਜ਼ਮੀਨ ’ਚ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਕਮਿਊਨਿਟੀ ਹਾਲ ਦਾ ਅੱਜ ਉਦਘਾਟਨ ਕੀਤਾ। ਇਸ ਮੌਕੇ ਸ. ਬਾਦਲ ਨੇ ਕਮਿਊਨਿਟੀ ਹਾਲ ਵਿਚ ਫ਼ਰਨੀਚਰ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਇਸ ਮੌਕੇ ਇਕੱਤਰ ਹੋਏ ਈਸਾਈ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਲੋੜਵੰਦ ਦੀ ਮਦਦ ਕਰਨਾ, ਬਿਮਾਰ ਦੀ ਸਾਰ ਲੈਣੀ, ਦਰਦਮੰਦਾਂ ਦਾ ਦਰਦ ਵਡਾਉਣਾ ਹਜ਼ਰਤ ਈਸਾ ਮਸੀਹ ਦਾ ਮੁੱਖ ਉਦੇਸ਼ ਸੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਈਸਾਈ ਭਾਈਚਾਰੇ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਲਈ ਕਿਸੇ ਢੁੱਕਵੀਂ ਥਾਂ ਦਾ ਪ੍ਰਬੰਧ ਕੀਤਾ ਜਾਵੇ ਜਿੱਥੇ ਇਸਾਈ ਭਾਈਚਾਰਾ ਇੱਕਠਾ ਹੋ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਕਾਂਗਰਸ ਪਾਰਟੀ ਦੀ ਸੋਚ ਹੈ। ਇਸ ਮੌਕੇ ਸ. ਬਾਦਲ ਨੇ ਆਉਣ ਵਾਲਾ ਕਿ੍ਰਸਮਿਸ ਦਾ ਤਿਉਹਾਰ ਇਸਾਈ ਭਾਈਚਾਰੇ ਨਾਲ ਮਨਾਉਣ ਦਾ ਵਾਅਦਾ ਕੀਤਾ ਅਤੇ ਸਮੂਹ ਭਾਈਚਾਰੇ ਨੂੰ ਕਮਿਊਨਿਟੀ ਹਾਲ ਦੀ ਵਧਾਈ ਵੀ ਦਿੱਤੀ। ਇਸ ਮੌਕੇ ਯੂਨਾਇਟਡ ਕਿ੍ਰਸ਼ਚਿਨ ਵੈਲਫ਼ੇਅਰ ਐਸੋਸੀਏਸ਼ਨ ਤੇ ਪਾਸਟਰਜ਼ ਵੈਲਫ਼ੇਅਰ ਐਸੋਸੀਏਸ਼ਨ ਤੇ ਸਮੂਹ ਇਸਾਈ ਭਾਈਚਾਰੇ ਵਲੋਂ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਾਜਨ ਗਰਗ ਆਦਿ ਹਾਜ਼ਰ ਸਨ।
17 Views