ਵਿੱਤ ਮੰਤਰੀ ਨੇ ਪ੍ਰਵਾਰ ਸਹਿਤ ਬਠਿੰਡਾ ’ਚ ਵਿੱਢੀ ਅਗੇਤੀ ਚੋਣ ਮੁਹਿੰਮ

0
23

ਜੌਹਲ ਤੋਂ ਬਾਅਦ ਵੀਨੂੰ ਬਾਦਲ ਤੇ ਬੇਟੀ ਰੀਆ ਬਾਦਲ ਵੀ ਮੈਦਾਨ ’ਚ ਡਟੀ

ਸੁਖਜਿੰਦਰ ਮਾਨ

ਬਠਿੰਡਾ, 31 ਜੁਲਾਈ -ਭਾਵੇਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਲੇ ਕਰੀਬ 6 ਮਹੀਨਿਆਂ ਦਾ ਸਮਾਂ ਬਾਕੀ ਪਿਆ ਹੈ ਪ੍ਰੰਤੂ ਪੰਜਾਬ ਦੇ ਵਿੱਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਹਲਕੇ ’ਚ ਅਗੇਤੀ ਚੋਣ ਮੁਹਿੰਮ ਵਿੱਢ ਦਿੱਤੀ ਹੈ। ਇਸ ਚੋਣ ਮੁਹਿੰਮ ਵਿਚ ਵਿਤ ਮੰਤਰੀ ਦਾ ਪੂਰਾ ਪ੍ਰਵਾਰ ਵੀ ਕੁੱਦ ਪਿਆ ਹੈ। ਹਾਲਾਂਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਹੀ ਸ਼੍ਰੀ ਬਾਦਲ ਹਫ਼ਤੇ ਦੋ ਆਖ਼ਰੀ ਦਿਨ ਅਮੂਮਨ ਬਠਿੰਡਾ ਸ਼ਹਿਰ ਵਿਚ ਬਤੀਤ ਕਰਦੇ ਆ ਰਹੇ ਹਨ ਪ੍ਰੰਤੂ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਸ਼ਹਿਰ ਵਿਚ ਡੋਰ-ਟੂ-ਡੋਰ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਚੋਣਾਂ ਦੇ ਮੌਸਮ ਦੀ ਤਰ੍ਹਾਂ ਉਹ ਹੁਣ ਨੁੱਕੜ ਮੀਟਿੰਗਾਂ ਤੇ ਘਰ-ਘਰ ਜਾ ਕੇ ਪਰਿਵਾਰਕ ਮੁਲਾਕਾਤਾਂ ਨੂੰ ਤਰਜੀਹ ਦੇਣ ਲੱਗੇ ਹਨ। ਵਿਤ ਮੰਤਰੀ ਅਜਿਹਾ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਲੱਗੇ ਹੋਏ ਹਨ। ਇਸਦੇ ਨਾਲ ਜਿੱਥੇ ਵਿਰੋਧੀਆਂ ਵਲੋਂ ਉਨ੍ਹਾਂ ਦੇ ਬਠਿੰਡਾ ਛੱਡਣ ਬਾਰੇ ਫੈਲਾਏ ਜਾ ਰਹੇ ਭਰਮ ਭੁਲੇਖੇ ਦੂਰ ਹੋ ਰਹੇ ਹਨ, ਉਥੇ ਅਗੇਤੀ ਚੋਣ ਮੁਹਿੰਮ ਨਾਲ ਉਹ ਨਿੱਜੀ ਤੌਰ ’ਤੇ ਵੋਟਰਾਂ ਨਾਲ ਰਾਬਤਾ ਕਾਈਮ ਕਰਕੇ ਸਰਕਾਰ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਰਮਅਗੇਤ ’ਤੇ ਦੂਰ ਕਰ ਰਹੇ ਹਨ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਬੇਸ਼ੱਕ ਵਿੱਤ ਮੰਤਰੀ ਦੀ ਮੌਜੂਦਗੀ ਤੇ ਗੈਰਹਾਜ਼ਰੀ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੌਹਲ  ਇੱਥੇ ਡਟੇ ਰਹਿੰਦੇ ਹਨ ਪ੍ਰੰਤੂ ਹੁਣ ਚੋਣ ਮੈਦਾਨ ਵਿਚ ਸ਼੍ਰੀ ਬਾਦਲ ਦੀ ਪਤਨੀ ਵੀਨੂੰ ਬਾਦਲ ਅਤੇ ਬੇਟੀ ਰੀਆ ਬਾਦਲ ਵੀ ਆ ਗਈਆਂ ਹਨ। ਉਨ੍ਹਾਂ ਵੱਲੋਂ ਵੀ ਵੱਖ ਵੱਖ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਸ਼ਹਿਰ ਦੀਆਂ ਮਹਿਲਾਂ ਕੋਂਸਲਰਾਂ ਨੂੰ ਨਾਲ ਲੈ ਕੇ ਪਰਿਵਾਰਕ ਮੁਲਾਕਾਤਾਂ ਦੇ ਨਾਂ ਹੇਠ ਔਰਤਾਂ ਨਾਲ ਨੇੜਤਾ ਵਧਾਈ ਜਾਣ ਲੱਗੀ ਹੈ। ਇੱਥੇ ਦਸਣਾ ਬਣਦਾ ਹੈ ਕਿ ਵਿਰੋਧੀ ਧਿਰ ਅਕਾਲੀ ਦਲ ਵਲੋਂ ਇੱਥੋਂ ਅਪਣਾ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੂੰ ਬਣਾਇਆ ਜਾ ਚੁੱਕਾ ਹੈ ਜਦੋਂਕਿ ਅਗਲੇ ਹਫ਼ਤੇ ਕਾਂਗਰਸ ਦੇ ਇੱਕ ਵੱਡੇ ਚਿਹਰੇ ਦੇ ਆਪ ਵਿਚ ਸਮੂਲੀਅਤ ਤੋਂ ਬਾਅਦ ਉਕਤ ਪਾਰਟੀ ਤੋਂ ਉਮੀਦਵਾਰ ਬਣਨ ਦੀ ਚਰਚਾ ਹੈ। ਅਜਿਹੀ ਹਾਲਾਤ ਵਿਚ ਵਿਤ ਮੰਤਰੀ ਅਪਣੀ ਸਿਆਸੀ ਕਿਲਾਬੰਦੀ ਨੂੰ ਪਹਿਲਾਂ ਹੀ ਮਜਬੂਤ ਕਰਨ ਵਿਚ ਜੁਟ ਗਏ ਹਨ। ਸੂਚਨਾ ਮੁਤਾਬਕ ਅੱਜ ਵਿੱਤ ਮੰਤਰੀ ਵੱਲੋਂ ਸਥਾਨਕ ਸ਼ੀਸ ਮਹਿਲ ਕਲੌਨੀ ਤੋਂ ਇਲਾਵਾ  ਹੋਰਨਾਂ ਕਈ ਵਾਰਡਾਂ ਵਿਚ ਪ੍ਰਵਾਰਕ ਮੁਲਾਕਾਤਾਂ ਤੇ ਨੁੱਕੜ ਮੀਟਿੰਗ ਕੀਤੀਆਂ ਗਈਆਂ। ਇਸਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ ਬੀ ਐੱਸ ਈ ਦੇ ਬਾਰ੍ਹਵੀਂ ਕਲਾਸ ਦੇ ਆਏ ਨਤੀਜਿਆਂ ਵਿਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਐੱਸ ਐੱਸ ਡੀ ਕਾਲਜ ਵਿਖੇ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ। ਇਸਤੋਂ ਬਾਅਦ ਵਾਰਡ ਨੰਬਰ 16 ਵਿੱਚ ਕੌਂਸਲਰ ਬਲਰਾਜ ਪੱਕਾ ਦੀ ਅਗਵਾਈ ਵਿੱਚ ਕਈ ਪਰਿਵਾਰਾਂ ਨਾਲ ਮੁਲਾਕਾਤਾਂ ਕੀਤੀਆਂ । ਇਸ ਉਪਰੰਤ ਕੌਂਸਲਰ ਸ਼ਾਮ ਲਾਲ ਜੈਨ ਦੇ ਵਾਰਡ ਅਧੀਨ ਪੈਂਦੇ ਏਰੀਏ ਦੀਪ ਨਗਰ ਅਤੇ ਵਾਰਡ ਨੰਬਰ 10 ਵਿਚ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਦੀ ਅਗਵਾਈ  ਵਿੱਚ ਵੀ ਕਈ ਪਰਿਵਾਰਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਜੈਜੀਤ ਜੌਹਲ, ਅਰੁਣ ਵਧਾਵਨ, ਕੇ ਕੇ ਅਗਰਵਾਲ, ਰਾਜਨ ਗਰਗ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਰਾਜੂ ਸਰਾਂ , ਬਲਰਾਜ ਪੱਕਾ, ਟਹਿਲ ਸਿੰਘ ਬੁੱਟਰ, ਬੇਅੰਤ ਸਿੰਘ ਰੰਧਾਵਾ, ਸੁਖਰਾਜ ਸਿੰਘ ਔਲਖ, ਚਰਨਜੀਤ ਭੋਲਾ ਆਦਿ ਸਹਿਤ ਕਾਂਗਰਸ ਲੀਡਰਸ਼ਿਪ ਹਾਜ਼ਰ ਰਹੀ।

LEAVE A REPLY

Please enter your comment!
Please enter your name here