ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਈ ਵਿਚਾਰ ਚਰਚਾ

0
27

ਮੰਗਤ ਰਾਮ ਪਾਸਲਾ ਨੇ ਦਿੱਤਾ ਕੁੰਜੀਵਤ ਭਾਸ਼ਣ

ਸੁਖਜਿੰਦਰ ਮਾਨ

ਬਠਿੰਡਾ, 31 ਜੁਲਾਈ-ਜਨਤਕ ਜੱਥੇਬੰਦੀਆਂ ਦੇ ਸਾਂਝਾ ਮੰਚ ਦੀ ਪਹਿਲਕਦਮੀ ’ਤੇ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ  ਸੈਮੀਨਾਰ ਵਿਚ ਜਮਹੂਰੀ ਲਹਿਰ ਦੇ ਉੱਘੇ ਕਮਿਊਨਸਟ ਆਗੂ ਮੰਗਤ ਰਾਮ ਪਾਸਲਾ ਨੇ “ਸ਼ਹੀਦਾਂ ਦੀ ਅਮੀਰ ਵਿਰਾਸਤ ਅਤੇ ਅੱਜ ਦੀ ਨੌਜਵਾਨ ਪੀੜੀ ਦੇ ਫਰਜ਼’’ ਵਿਸ਼ੇ ਉਪਰ ਭਾਸ਼ਣ ਦਿੰਦਿਆਂ ਕਿਹਾ ਕਿ ਬਸਤੀਵਾਦੀ ਅੰਗਰੇਜ਼ ਹਾਕਮਾਂ ਵੱਲੋਂ, ਭਾਰਤ ਵਿੱਚ ਆਪਣਾ ਰਾਜ ਹਮੇਸ਼ਾਂ ਲਈ ਕਾਇਮ ਰੱਖਣ ਲਈ ਘੜੀ ਗਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤੋਂ ਲੋਕਾਈ ਨੂੰ ਚੌਕਸ ਕਰਨ ਲਈ, ਸ਼ਹੀਦ ਨੇ ਆਪਣਾ ਨਾਂ ‘ਮੁਹੰਮਦ ਸਿੰਘ ਆਜਾਦ’ ਰੱਖ ਕੇ ਸਾਂਝੀਵਾਲਤਾ ਦਾ ਸ਼ਾਨਦਾਰ ਸੁਨੇਹਾ ਦਿੱਤਾ ਸੀ। ਉਨਾਂ ਕਿਹਾ ਕਿ ਅੱਜ ਫਿਰਕੂ ਫਾਸ਼ੀ ਤਾਕਤਾਂ ਦੀ ਇਹ ਤਬਾਹਕੁੰਨ ਵਿਉਂਤਬੰਦੀ ਸ਼ਹੀਦ ਊਧਮ ਸਿੰਘ ਅਤੇ ਉਨਾਂ ਵਰਗੇ ਅਨੇਕਾਂ ਸ਼ਹੀਦਾਂ ਦੇ ਸਾਮਰਾਜ ਵਿਰੋਧੀ, ਹਕੀਕੀ ਕੌਮ ਵਾਦੀ ਵਿਚਾਰਾਂ ਦੇ ਐਨ ਉਲਟ ਹੈ ਅਤੇ ਅਜੋਕੀ ਨੌਜਵਾਨ ਪੀੜੀ ਨੂੰ ਇਸ ਫਿਰਕੂ-ਫਾਸ਼ੀ ਵਿਚਾਰਧਾਰਾ ਦਾ ਫਸਤਾ ਵੱਡਣ ਲਈ ਸੰਘਰਸ਼ਾਂ ਦੇ ਪਿੜ ਮੱਲਣ ਦੀ ਡਾਢੀ ਲੋੜ ਹੈ। ਇਸ ਤੋਂ ਅਗਾਂਹ ਸ਼ਹੀਦਾਂ ਦੇ ਹਰ ਕਿਸਮ ਦੀ ਲੁੱਟ ਖਸੁੱਟ ਅਤੇ ਵਿਤਕਰਿਆਂ ਤੋਂ ਮੁਕਤ ਸਮਾਨਤਾ ਵਾਲੇ ਸਮਾਜ ਦੀ ਕਾਇਮ ਲਈ ਜੂਝਣਾ ਹੀ ਸ਼ਹੀਦ ਊਧਮ ਸਿੰਘ ਅਤੇ ਹੋਰਨਾਂ ਸ਼ਹੀਦਾਂ ਤੇ ਦੇਸ਼ ਭਗਤਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੈਮੀਨਾਰ ਦੀ ਪ੍ਰਧਾਨਗੀ ਮਿੱਠੂ ਸਿੰਘ ਘੁੱਦਾ, ਭੈਣ ਦਰਸ਼ਨਾ ਜੋਸ਼ੀ, ਮੱਖਣ ਸਿੰਘ ਖਣਗਵਾਲ, ਸੰਪੂਰਨ ਸਿੰਘ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਪ੍ਰਕਾਸ਼ ਸਿੰਘ ਨੰਦਗੜ ਨੇ ਨਿਭਾਏ।

LEAVE A REPLY

Please enter your comment!
Please enter your name here