ਸਹੀਦ ਭਗਤ ਸਿੰਘ ਹਰਿਆਵਲ ਲਹਿਰ ਉੱਤੇ ਦਿੱਤਾ ਜਾਵੇਗਾ ਉਚੇਚਾ ਧਿਆਨ: ਲਾਲ ਚੰਦ ਕਟਾਰੂਚੱਕ

0
2
13 Views

ਮੱਤੇਵਾੜਾ ਜੰਗਲ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਲਾਏ ਜਾਣਗੇ 80000 ਤੋਂ ਵੱਧ ਬੂਟੇ
ਆਉਣ ਵਾਲੀਆਂ ਨਸਲਾਂ ਲਈ ਸਾਫ ਸੁਥਰਾ ਵਾਤਾਵਰਣ ਸਿਰਜਣਾ ਸਾਡੀ ਜ?ਿੰਮੇਵਾਰੀ, ਵਣ ਮੰਤਰੀ
ਵਣ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਜੁਲਾਈ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਸੂਬੇ ਵਿੱਚ ਵਣਾਂ ਹੇਠਲਾ ਰਕਬਾ ਵਧਾਉਣ ਅਤੇ ਆਉਣ ਵਾਲੀਆਂ ਨਸਲਾਂ ਲਈ ਇੱਕ ਸੁਚੱਜਾ ਤੇ ਸਿਹਤਮੰਦ ਵਾਤਾਵਰਣ ਸਿਰਜਣ ਦੇ ਦਿ੍ਰੜ ਇਰਾਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਦੇ ਵਣ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਮੋਹਾਲੀ ਦੇ ਸੈਕਟਰ 68 ਦੇ ਵਣ ਭਵਨ ਵਿਖੇ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ਼੍ਰੀ ਕਟਾਰੂਚੱਕ ਨੇ ਇਸ ਗੱਲ ਉੱਤੇ ਜੋਰ ਦਿੱਤਾ ਕਿ ਉਪਰੋਕਤ ਮਕਸਦ ਨੂੰ ਹਾਸਲ ਕਰਨ ਲਈ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਹਿੱਤ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਰੂਪ ਵਿੱਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਨਿਵੇਕਲੇ ਉੱਦਮ ਉੱਤੇ ਖਾਸ ਧਿਆਨ ਕੇਂਦਰਿਤ ਕੀਤਾ ਜਾਵੇ ਕਿਉਂ ਜੋ ਇਹ ਯੋਜਨਾ ਵਾਤਾਵਰਣ ਬਚਾਉਣ ਅਤੇ ਸੂਬੇ ਨੂੰ ਹੋਰ ਹਰਿਆ ਭਰਿਆ ਬਣਾਉਣ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਅਗਾਂਹ ਦੱਸਦਿਆਂ ਕਿਹਾ ਕਿ ਜਿਥੋਂ ਤੱਕ ਮੱਤੇਵਾੜਾ ਜੰਗਲ ਦਾ ਸਵਾਲ ਹੈ ਤਾਂ ਇਹ ਲੁਧਿਆਣਾ ਸ਼ਹਿਰ ਲਈ ਫੇਫੜਿਆਂ ਦਾ ਕੰਮ ਕਰਦਾ ਹੈ, ਇਸੇ ਲਈ ਵਣ ਵਿਭਾਗ ਵਲੋਂ ਇੱਥੇ 80,115 ਬੂਟੇ ਲਗਾਏ ਜਾਣਗੇ ਤਾਂ ਜੋ ਵਾਤਾਵਰਣ ਹੋਰ ਸਾਫ ਅਤੇ ਸ਼ੁੱਧ ਹੋ ਸਕੇ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਚੰਗੇ ਵਾਤਾਵਰਣ ਵਿੱਚ ਸਾਹ ਲੈਣ ਦਾ ਮੌਕਾ ਮਿਲੇ।
ਇੱਕ ਅਹਿਮ ਪਹਿਲੂ ਤੇ ਜੋਰ ਦਿੰਦਿਆਂ ਸ਼੍ਰੀ ਕਟਾਰੂਚੱਕ ਨੇ ਕਿਹਾ ਕਿ ਸਿਰਫ ਬੂਟੇ ਲਗਾਉਣਾ ਕਾਫੀ ਨਹੀਂ ਸਗੋਂ ਉਨ੍ਹਾਂ ਦੀ ਸੁਚੱਜੀ ਸਾਂਭ ਸੰਭਾਲ ਕਰਨੀ ਵੀ ਬਹੁਤ ਜਰੂਰੀ ਹੈ ਤਾਂ ਜੋ ਇਹ ਬੂਟੇ ਅੱਗੇ ਜਾ ਸਕੇ ਛਾਂ-ਦਾਰ ਰੁੱਖਾਂ ਦਾ ਰੂਪ ਧਾਰ ਕੇ ਵਾਤਾਵਰਣ ਦੇ ਨਰੋਏਪਣ ਵਿੱਚ ਵਾਧਾ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਵਿਭਾਗੀ ਕਰਮਚਾਰੀਆਂ ਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਜੀ-ਜਾਨ ਨਾਲ ਜੁੱਟ ਜਾਣ ਦੀ ਲੋੜ ਹੈ ਕਿਉਂ ਜੋ ਇਸੇ ਆਧਾਰ ਉੱਤੇ ਭਵਿੱਖ ਨਿਰਭਰ ਕਰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੂਟੇ ਲਾਉਣ ਲਈ ਅਜਿਹੀਆਂ ਥਾਵਾਂ ਦੀ ਚੋਣ ਕੀਤੀ ਜਾਵੇ ਜਿੱਥੇ ਕਿ ਇਹ ਬਿਲਕੁੱਲ ਸੁਰੱਖਿਅਤ ਹੋਣ ਜਿਵੇਂ ਕਿ ਸਕੂਲ, ਹਸਪਤਾਲ ਅਤੇ ਡਿਸਪੈਂਸਰੀਆਂ ਆਦਿ। ਵਿਭਾਗ ਦੇ ਅਫਸਰਾਂ ਨੂੰ ਇਸ ਸਬੰਧੀ ਹੋਰ ਨਿਵੇਕਲੇ ਵਿਚਾਰਾਂ ਨੂੰ ਸਾਹਮਣੇ ਲਿਆਉਣ ਦੀ ਪ੍ਰੇਰਨਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਜ਼ਮੀਨੀ ਪੱਧਰ ਤੱਕ ਪ੍ਰਚਾਰਿਤ ਕੀਤੇ ਜਾਣ ਦੀ ਲੋੜ ਹੈ। ਮੰਤਰੀ ਨੇ ਇਸ ਗੱਲ ਉੱਤੇ ਵੀ ਜੋਰ ਦਿੱਤਾ ਕਿ ਫਾਰੈਸਟ ਗਾਰਡਾਂ ਨੂੰ ਪਿੰਡਾਂ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਸਰਪੰਚਾਂ, ਪੰਚਾਂ ਅਤੇ ਪੰਚਾਇਤਾਂ ਨਾਲ ਰਾਬਤਾ ਕਰਕੇ ਸੂਬੇ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਹਰਿਆ ਭਰਿਆ ਬਣਾਉਣ ਦੇ ਇਸ ਮਿਸ਼ਨ ਵਿੱਚ ਪੂਰਾ ਸਹਿਯੋਗ ਕਰ ਸਕਣ।
ਇਸ ਮੌਕੇ ਵਿਭਾਗੀ ਅਧਿਕਾਰੀਆਂ ਨੇ ਸ਼੍ਰੀ ਕਟਾਰੂਚੱਕ ਨੂੰ ਵਿਭਾਗ ਦੀਆਂ ਵੱਖੋਂ ਵੱਖ ਯੋਜਨਾਵਾਂ ਜਿਵੇਂ ਕਿ ਕੈਂਪਾ, ਗ੍ਰੀਨ ਇੰਡੀਆ ਅਤੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਵੰਨ-ਸੁਵੰਨੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਹਰਿਆਵਲ ਲਹਿਰ ਦੀ ਮਜ਼ਬੂਤੀ ਲਈ ਸਥਾਨਕ ਵਿਧਾਇਕਾਂ ਦਾ ਵੀ ਭਰਪੂਰ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਵਲੋਂ ਮੰਤਰੀ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਕਿ ਨਿਰਧਾਰਤ ਟੀਚੇ ਅਗਸਤ ਮਹੀਨੇ ਤੱਕ ਪੂਰੇ ਕਰ ਲਏ ਜਾਣਗੇ।

LEAVE A REPLY

Please enter your comment!
Please enter your name here