ਪੋਲੀਓ ਦੇ ਟੀਕੇ ਦੀ ਤੀਜੀ ਖੁਰਾਕ ਲਗਾਉਣ ਸਬੰਧੀ ਕੀਤਾ ਵਿਚਾਰ-ਵਟਾਂਦਰਾ
ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਸਿਹਤ ਵਿਭਾਗ ਨਾਲ ਸਬੰਧਤ ਵੱਖ-ਵੱਖ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਜਿਵੇਂ ਕਿ ਫੈਮਲੀ ਪਲਾਨਿੰਗ ਪ੍ਰੋਗਰਾਮ, ਲੈਪਰੋਸੀ, ਮੈਟਰਨਲ ਡੈੱਥ, ਬਲਾਇੰਡਨੈਸ ਕੰਟਰੋਲ ਪ੍ਰੋਗਰਾਮ, ਟੀਕਾਕਰਨ ਪ੍ਰੋਗਰਾਮ, ਨਸ਼ਾ ਛੁਡਾਊ ਪ੍ਰੋਗਰਾਮ, ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ, ਤੰਬਾਕੂ ਐਕਟ, ਆਰ.ਐਨ.ਟੀ.ਈ.ਪੀ. ਪ੍ਰੋਗਰਾਮ, ਡੇਂਗੂ ਤੇ ਅਰਬਨ ਹੈਲਥ ਮਿਸ਼ਨ ਆਦਿ ਸਬੰਧੀ ਸਮੀਖਿਆ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅਲਾਟ ਕੀਤੇ ਟੀਚੇ 100 ਫ਼ੀਸਦੀ ਪ੍ਰਾਪਤ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਮਾਵਾਂ ਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਜਲਦੀ ਰਜਿਸਟਰੇਸ਼ਨ, ਸੰਪੂਰਨ ਚੈਕਅੱਪ, ਟੀਕਾਕਰਣ ਤੇ ਜਣੇਪਾ ਸਿਹਤ ਸੰਸਥਾ ਵਿੱਚ ਕਰਵਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੋਲੀਓ ਤੋਂ ਬਚਾਅ ਲਈ ਪੋਲੀਓ ਦੇ ਟੀਕੇ ਦੀ ਤੀਜੀ ਖੁਰਾਕ ਲਗਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੁਝ ਦੇਸ਼ਾਂ ਵਿੱਚ ਪੋਲੀਓ ਦੇ ਸ਼ੱਕੀ ਮਰੀਜਾਂ ਦੀ ਆਮਦ ਨੂੰ ਦੇਖਦੇ ਹੋਏ ਮਾਹਿਰਾਂ ਦੁਆਰਾ ਭਾਰਤ ਵਿੱਚ ਟੀਕਾਕਰਣ ਸੂਚੀ ਵਿੱਚ ਪੋਲੀਓ ਦੇ ਟੀਕੇ ਦੀ ਤੀਜੀ ਖੁਰਾਕ ਸ਼ਾਮਿਲ ਕੀਤੀ ਗਈ ਹੈ, ਜੋ ਬੱਚੇ ਦੀ 9 ਮਹੀਨੇ ਦੀ ਉਮਰ ਪੂਰੀ ਹੋਣ ਤੋਂ ਬਾਅਦ ਮੀਜ਼ਲ ਰੂਬੇਲਾ ਦੀ ਡੋਜ਼ ਦੇ ਨਾਲ ਹੀ ਲੱਗੇਗੀ। ਇਸ ਤੋਂ ਪਹਿਲਾਂ ਇਸ ਟੀਕੇ ਦੀ ਪਹਿਲੀ ਖੁਰਾਕ ਡੇਢ ਮਹੀਨੇ ਅਤੇ ਸਾਢੇ ਤਿਨ ਮਹੀਨੇ ਦੀ ਉਮਰ ਵਿੱਚ ਲਗਾਈ ਜਾਂਦੀ ਹੈ, ਜੋ ਕਿ ਜਾਰੀ ਰਹੇਗੀ।ਇਸ ਮੌਕੇ ਸਿਹਤ ਵਿਭਾਗ ਨਾਲ ਸਬੰਧਤ ਸਮੂਹ ਪ੍ਰੋਗਰਾਮ ਅਫ਼ਸਰ, ਸੀਨੀਅਰ ਮੈਡੀਕਲ ਅਫਸਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
Share the post "ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅਲਾਟ ਕੀਤੇ ਟੀਚੇ 100 ਫ਼ੀਸਦੀ ਪ੍ਰਾਪਤ ਕਰਨੇ ਬਣਾਏ ਜਾਣ ਯਕੀਨੀ : ਡਿਪਟੀ ਕਮਿਸ਼ਨਰ"