ਬਹੁਚਰਚਿਤ ਕਤਲ ਕਾਂਡ ’ਚ ਪੁਲਿਸ ਨੇ ਪਾਈ ਪਹਿਲੀ ਗਿ੍ਰਫਤਾਰੀ
ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਹਾਲੇ ਪੁਲਿਸ ਦੀ ਪਹੁੰਚ ਤੋਂ ਦੂਰ
ਗੱਡੀ ਮਾਲਕ ਮਨਪ੍ਰੀਤ ਮੰਨਾ ਨੂੰ ਵੀ ਫ਼ਿਰੋਜਪੁਰ ਜੇਲ੍ਹ ਵਿਚੋਂ ਮਾਨਸਾ ਪੁਲਿਸ ਲਿਆਏਗੀ ਪੁਲਿਸ ਰਿਮਾਂਡ ’ਤੇ
ਸੁਖਜਿੰਦਰ ਮਾਨ
ਬਠਿੰਡਾ, 31 ਮਈ: 29 ਮਈ ਦੀ ਸ਼ਾਮ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਦਿਨ-ਦਿਹਾੜੇ ਕਤਲ ਕੀਤੇ ਪੰਜਾਬੀ ਦੇ ਉਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਕਾਤਲਾਂ ਨੂੰ ਕਰੋਲਾ ਗੱਡੀ ਦੇਣ ਵਾਲੇ ਮਨਪ੍ਰੀਤ ਸਿੰਘ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਮੂਸੇਵਾਲਾ ਕਤਲ ਕਾਂਡ ’ਚ ਮਨਪ੍ਰੀਤ ਸਿੰਘ ਪਹਿਲਾਂ ਵਿਅਕਤੀ ਹੈ, ਜਿਸਦੀ ਪੁਲਿਸ ਨੇ ਕਤਲ ਦੇ 72 ਘੰਟਿਆਂ ਬਾਅਦ ਪਹਿਲੀ ਗਿ੍ਰਫਤਾਰੀ ਦਿਖ਼ਾਈ ਹੈ। ਉਜ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਮਨਪ੍ਰੀਤ ਨੂੰ ਪੰਜਾਬ ਪੁਲਿਸ ਨੇ ਬੀਤੇ ਕੱਲ ਹੀ ਉਤਰਾਖੰਡ ਦੀ ਪੁਲਿਸ ਦੀ ਮੱਦਦ ਨਾਲ ਦੇਹਰਦੂਨ ਤੋਂ ਸਾਥੀਆਂ ਸਹਿਤ ਗਿ੍ਰਫਤਾਰ ਕਰ ਲਿਆ ਸੀ, ਜਿਸਦੇ ਬਾਰੇ ਸੋਸਲ ਮੀਡੀਆ ’ਤੇ ਵੀ ਵੀਡੀਓ ਵਾਈਰਲ ਹੋਈ ਸੀ। ਪੁਲਿਸ ਵਿਭਾਗ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕਰੋਲਾ ਗੱਡੀ ਦੇ ਅਸਲ ਮਾਲਕ ਗੈਂਗਸਟਰ ਮਨਪ੍ਰੀਤ ਮੰਨਾ ਦੇ ਫਿਰੋਜਪੁਰ ਜੇਲ੍ਹ ਵਿਚ ਬੰਦ ਹੋਣ ਕਾਰਨ ਹੁਣ ਇਸ ਗੱਡੀ ਦੀ ਵਰਤੋਂ ਗਿ੍ਰਫਤਾਰ ਕੀਤੇ ਮਨਪ੍ਰੀਤ ਵਲੋਂ ਕੀਤੀ ਜਾ ਰਹੀ ਹੈ। ਇਹ ਮਨਪ੍ਰੀਤ ਸਿੰਘ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਢੇਪਈ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਉਜ ਬੀਤੇ ਕੱਲ ਹੀ ਪੁਲਿਸ ਨੇ ਇਸ ਗੱਡੀ ਦੇ ਮਾਲਕ ਵਜੋਂ ਬੀਤੇ ਕੱਲ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਗੀਵਾਂਦਰ ਦੇ ਇੱਕ ਨੌਜਵਾਨ ਨੂੰ ਹਿਰਾਸਤ ਵਿਚ ਲੈਣ ਦੀ ਚਰਚਾ ਹੈ। ਜਿਸਤੋਂ ਕੀਤੀ ਪੁਛਗਿਛ ਬਾਅਦ ਮਨਪ੍ਰੀਤ ਨੂੰ ਦੇਹਰਾਦੂਨ ਤੋਂ ਚੁੱਕਿਆ ਗਿਆ ਸੀ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਪਿਛਲੇ ਸਾਲ ਕਤਲ ਕਰਨ ਵਾਲੇ ਮਨਪ੍ਰੀਤ ਮੰਨਾ ਨੂੰ ਵੀ ਮਾਨਸਾ ਪੁਲਿਸ ਫ਼ਿਰੋਜਪੁਰ ਜੇਲ੍ਹ ਵਿਚੋਂ ਪੁਲਿਸ ਰਿਮਾਂਡ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮੰਨਾ ਨੂੰ ਵੀ ਲਾਰੇਂਸ ਬਿਸਨੋਈ ਗੈਂਗ ਦਾ ਸਾਥੀ ਮੰਨਿਆਂ ਜਾਂਦਾ ਹੈ। ਤਲਵੰਡੀ ਸਾਬੋ ਦੇ ਵਾਸੀ ਮਨਪ੍ਰੀਤ ਮੰਨਾ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਗੱਡੀ ਉਸਦੇ ਸਾਥੀ ਮਨਪ੍ਰੀਤ ਵਲੋਂ ਹੀ ਵਰਤੀਂ ਜਾ ਰਹੀ ਸੀ, ਜਿਸਤੋਂ ਪੁਲਿਸ ਇਹ ਪੁਛਗਿਛ ਕਰਨ ਲੱਗੀ ਹੋਈ ਹੈ ਕਿ ਉਸਨੇ ਕਿਸਨੂੰ ਇਹ ਗੱਡੀ ਦਿੱਤੀ ਸੀ , ਜਿੰਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਸੀ।
27 Views