ਸੁਖਬੀਰ ਸਿੰਘ ਬਾਦਲ ਨੇ ਕੀਤਾ ਅਕਾਲੀ ਦਲ ’ਚ ਵੱਡੇ ਬਦਲਾਅ ਦਾ ਐਲਾਨ

0
4
22 Views

ਇੱਕ ਪ੍ਰਵਾਰ ਇੱਕ ਟਿਕਟ,ਜ਼ਿਲ੍ਹਾ ਪ੍ਰਧਾਨ ਨਹੀਂ ਲੜਨਗੇ ਚੋਣਾਂ
ਲਗਾਤਰ ਦਸ ਸਾਲ ਤੋਂ ਵੱਧ ਨਹੀਂ ਰਹਿ ਸਕੇਗਾ ਕੋਈ ਪ੍ਰਧਾਨ
ਮੰਤਰੀ ਤੇ ਵਿਧਾਇਕਾਂ ਦੇ ਪ੍ਰਵਾਰਾਂ ਨੂੰ ਨਹੀਂ ਮਿਲਣਗੀਆਂ ਚੇਅਰਮੈਨੀਆਂ
ਨਵੇਂ ਜਥੇਬੰਦਕ ਢਾਂਚੇ ਦੀ ਚੋਣ ਲੋਕਤੰਤਰੀ ਢੰਗ ਨਾਲ ਕੀਤੀ ਜਾਵੇਗੀ
50 ਫੀਸਦੀ ਸੀਟਾਂ 50 ਸਾਲ ਤੋਂ ਘੱਟ ਉਮਰ ਦੇ ਪਾਰਟੀ ਵਰਕਰਾਂ ਲਈ ਹੋਣਗੀਆਂ ਰਾਖਵੀਂਆਂ
ਸੁਖਜਿੰਦਰ ਮਾਨ
ਚੰਡੀਗੜ੍ਹ, 2 ਸਤੰਬਰ : ਲਗਾਤਾਰ ਹਾਰਾਂ ਦਾ ਮੂੰਹ ਦੇਖ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ’ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਝੂੰਦਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਅਸਿੱਧੇ ਢੰਗ ਨਾਲ ਲਾਗੂ ਕਰਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ‘‘ ਹੁਣ ਲਗਾਤਾਰ ਕੋਈ ਵੀ ਇੱਕ ਵਿਅਕਤੀ ਦਸ ਸਾਲ ਤੋਂ ਵੱਧ ਪ੍ਰਧਾਨ ਨਹੀਂ ਰਹਿ ਸਕੇਗਾ ਤੇ ਨਾਲ ਹੀ ਇੱਕ ਪ੍ਰਵਾਰ, ਇੱਕ ਟਿਕਟ ਫ਼ਾਰਮੂਲੇ ਨੂੰ ਪੱਕੇ ਤੌਰ ’ਤੇ ਲਾਗੂ ਕੀਤਾ ਜਾਵੇਗਾ। ’’ ਅੱਜ ਇੱਥੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ’ਚ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ, ਮਹਿਲਾਵਾਂ ਤੇ ਸਮਾਜ ਦੇ ਹੋਰ ਵਰਗਾਂ ਨੁੰ ਪਾਰਟੀ ਵਿਚ ਵੱਧ ਥਾਂ ਦੇਣ ਦੇ ਇਰਾਦੇ ਨਾਲ ਪਾਰਟੀ ਜਥੇਬੰਦਕ ਢਾਂਚੇ ਵਿਚ ਨਿਵੇਕਲੀਆਂ ਤੇ ਅਹਿਮ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਨਵੇਂ ਜਥੇਬੰਦਕ ਢਾਂਚੇ ਦੀ ਚੋਣ ਨਵੀਂ ਬਣਾਈ ਕੇਂਦਰੀ ਚੋਣ ਕਮੇਟੀ ਦੀ ਨਿਗਰਾਨੀ ਹੇਠ ਚੋਣ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ।
ਉਹਨਾਂ ਨੇ ਪਾਰਟੀ ਵਿਚ ਕੀਤੀਆਂ ਗਈਆਂ ਤਬਦੀਲੀਆਂ ਦੀ ਜਾਣਕਾਰੀ ਦਿੰਦਿਆਂ ਐਲਾਨ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ 50 ਫੀਸਦੀ ਸੀਟਾਂ ਉਹਨਾਂ ਪਾਰਟੀ ਵਰਕਰਾਂ ਲਈ ਰਾਖਵੀਂਆਂ ਹੋਣਗੀਆਂ ਜਿਹਨਾਂ ਦੀ ਉਮਰ 50 ਸਾਲ ਤੋਂ ਘੱਟ ਹੈ ਤੇ ਇਸ ਤਰੀਕੇ ਨਵੀਂ ਪੀੜੀ ਦੇ ਆਗੂ ਤਿਆਰ ਕੀਤੇ ਜਾਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਤਬਦੀਲੀਆਂ ਪਾਰਟੀ ਦੀ ਫੈਸਲਾ ਲੈਣ ਵਾਲੀ ਸਰਵਉਚ ਕਮੇਟੀ ਯਾਨੀ ਕੋਰ ਕਮੇਟੀ ਵਿਚ ਵੀ ਲਾਗੂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਜਾਵੇਗਾ ਅਤੇ ਇਸ ਵਿਚ ਨੌਜਵਾਨਾਂ, ਮਹਿਲਾਵਾਂ ਤੇ ਸਮਾਜ ਦੇ ਹੋਰ ਵਰਗਾਂ ਦੇ ਨਵੀਂ ਪੀੜੀ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕੀਤਾ ਜਾਵੇਗਾ।ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਹੁਣ ਤੋਂ ਇਕ ਪਰਿਵਾਰ ਇਕ ਟਿਕਟ ਦਾ ਸਿਧਾਂਤ ਲਾਗੂ ਕਰੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਕਾਰ ਬਣਨ ’ਤੇ ਜ਼ਿਲ੍ਹਾ ਤੇ ਸੂਬਾ ਪੱਧਰੀ ਚੇਅਰਮੈਨੀਆਂ ਪਾਰਟੀ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਇਹਨਾਂ ਅਹੁਦਿਆਂ ਵਾਸਤੇ ਵਿਚਾਰੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਹੁਣ ਤੋਂ ਜ਼ਿਲ੍ਹਾ ਪ੍ਰਧਾਨ ਚੋਣਾਂ ਨਹੀਂ ਲੜਨਗੇ।
ਸ: ਬਾਦਲ ਨੇ ਦੱਸਿਆ ਕਿ ਇਹ ਫੈਸਲੇ ਪਾਰਟੀ ਦੇ ਆਗੂਆਂ, ਵਰਕਰਾਂ, ਬੁੱਧੀਜੀਵੀਆਂ ਤੇ ਪਾਰਟੀ ਦੇ ਸ਼ੁਭਚਿੰਤਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਏ ਗਏ ਹਨ। ਉਹਨਾਂ ਕਿਹਾ ਕਿ ਨਵੇਂ ਜਥੇਬੰਦਕ ਢਾਂਚੇ ਲਈ ਚੋਣਾਂ 30 ਨਵੰਬਰ ਤੱਕ ਕੇਂਦਰੀ ਚੋਣ ਕਮੇਟੀ ਦੀ ਨਿਗਰਾਨੀ ਹੇਠ ਮੁਕੰਮਲ ਹੋ ਜਾਣਗੀਆਂ। ਉਹਨਾਂ ਕਿਹਾ ਕਿ ਸੂਬੇ ਦੇ ਸਾਰੇ ਹਲਕਿਆਂ ਵਿਚ 117 ਚੋਣ ਆਬਜ਼ਰਵਰ ਨਿਯੁਕਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਾਡਾ ਧਿਆਨ ਬੂਥ ਕਮੇਟੀਆਂ ’ਤੇ ਰਹੇਗਾ ਜੋ ਬੂਥ ਪ੍ਰਧਾਨ ਦੀ ਚੋਣ ਕਰਨਗੀਆਂ। ਬੂਥ ਪ੍ਰਧਾਨ ਅੱਗੇ ਸਰਕਲ ਪ੍ਰਧਾਨਾਂ ਦੀ ਚੋਣ ਕਰਨਗੇ ਤੇ ਸਰਕਲ ਪ੍ਰਧਾਨ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕਰਨਗੇ। ਇਸੇ ਤਰ੍ਹਾਂ ਯੂਥ ਅਕਾਲੀ ਦਲ ਅਤੇ ਵਿਦਿਆਰਥੀ ਵਿੰਗ ਐਸ ਓ ਆਈ ਦਾ ਪੁਨਰਗਠਨ ਕੀਤਾ ਜਾਵੇਗਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਵੀ ਸੁਰਜੀਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਮੈਂਬਰਾਂ ਲਈ ਉਮਰ ਹੱਦ 35 ਸਾਲ ਹੋਵੇਗੀ ਤੇ ਪ੍ਰਧਾਨ ਲਈ 5 ਸਾਲ ਦੀ ਛੋਟ ਹੋਵੇੀਗ। ਉਹਨਾਂ ਕਿਹਾ ਕਿ ਇਸੇ ਤਰੀਕੇ ਐਸ ਓ ਆਈ ਤੇ ਫੈਡਰੇਸ਼ਨ ਮੈਂਬਰਾਂ ਲਈ ਉਮਰ ਹੱਦ 30 ਸਾਲ ਹੋਵੇਗੀ ਤੇ ਸਿਰਫ ਵਿਦਿਆਰਥੀ ਹੀ ਇਹਨਾਂ ਸੰਗਠਨਾਂ ਵਿਚ ਭਰਤੀ ਕੀਤੇ ਜਾਣਗੇ।
ਇਸਤੋਂ ਇਲਾਵਾ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਪਾਰਟੀ ਵਿਚ ਹਰ ਪੱਧਰ ’ਤੇ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇਗੀ। ਉਹਨਾਂ ਬੁੱਧੀਜੀਵੀਆਂ ਤੇ ਸਮਾਜ ਵੱਖ ਵੱਖ ਵਰਗਾਂ ਤੋਂ ਸਿਆਣੇ ਲੋਕਾਂ ਦੀ ਸ਼ਮੂਲੀਅਤ ਵਾਲੇ ਇਕ ਸਲਾਹਕਾਰੀ ਬੋਰਡ ਦੇ ਗਠਨ ਦਾ ਵੀ ਐਲਾਨ ਕੀਤਾ ਜੋ ਪਾਰਟੀ ਪ੍ਰਧਾਨ ਨੂੰ ਅਹਿਮ ਮਾਮਲਿਆਂ ’ਤੇ ਸਲਾਹ ਮਸ਼ਵਰਾ ਦੇਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਵਿਚ ਹੁਣ ਤੋਂ ਸਾਰੇ ਸਿੱਖ ਅਹੁਦੇਦਾਰ ਸਾਬਤ ਸੂਰਤ ਹੋਣਗੇ ਤੇ ਐਲਾਨ ਕੀਤਾ ਕਿ ਪਾਰਟੀ ਪ੍ਰਧਾਨ ਸਿਰਫ ਦੋ ਵਾਰ ਪੰਜ ਪੰਜ ਸਾਲ ਲਈ ਪ੍ਰਧਾਨ ਰਹਿ ਸਕੇਗਾ ਤੇ ਇਸ ਤੋਂ ਬਾਅਦ 5 ਸਾਲ ਦੀ ਬ੍ਰੇਕ ਲੈਣੀ ਲਾਜ਼ਮੀ ਹੋਵੇਗੀ। ਉਹਨਾਂ ਐਲਾਨ ਕੀਤਾ ਕਿ ਇਸ ਨਾਲ ਪਾਰਟੀ ਵਿਚ ਸਿਖਰਲੇ ਪੱਧਰ ’ਤੇ ਨਵੇਂ ਚੇਹਰੇ ਸ਼ਾਮਲ ਹੋ ਸਕਣਗੇ।ਨਵੀਂਆਂ ਤਬਦੀਲੀਆਂ ਵਿਚ ਸੰਸਦੀ ਬੋਰਡ ਦਾ ਗਠਨ ਵੀ ਸ਼ਾਮਲ ਹੈ ਜੋ ਹੁਨਰਮੰਦ ਵਿਅਕਤੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਅਤੇ ਵਿਧਾਨ ਸਭਾ ਚੋਣਾਂ ਲਈ ਸਰਵੋਤਮ ਉਮੀਦਵਾਰਾਂ ਦੀ ਚੋਣ ਲਈ ਤੌਰ ਤਰੀਕੇ ਸੁਝਾਵੇਗਾ। ਉਹਨਾਂ ਕਿਹਾ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਾਲਾ ਅਨੁਸ਼ਾਸਨੀ ਬੋਰਡ ਪਹਿਲਾਂ ਹੀ ਗਠਿਤ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਤਭੇਦਾਂ ਦੀ ਗੱਲ ਪਾਰਟੀ ਫੋਰਮਾਂ ’ਤੇ ਰੱਖਣ ਅਤੇ ਮੀਡੀਆ ਵਿਚ ਨਾ ਜਾਣ।ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਸ੍ਰੀ ਹਰਚਰਨ ਬੈਂਸ ਅਤੇ ਗੁਰਿੰਦਰ ਸਿੰਘ ਗੋਗੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here