ਸੁਖਜਿੰਦਰ ਮਾਨ
ਬਠਿੰਡਾ, 16 ਅਕਤੂਬਰ : ਮਾਰਕਫ਼ੈਡ ਦੇ ਸੂਬਾਈ ਡਾਇਰੈਕਟਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਟਹਿਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ‘‘ਸੂਬੇ ’ਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ’’ ਇੱਥੇ ਜਾਰੀ ਇੱਕ ਬਿਆਨ ਵਿਚ ਸ: ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂੁਬੇ ’ਚ ਇੱਕ ਆਮ ਆਦਮੀ ਦੀ ਸਰਕਾਰ ਦਾ ਅਕਸ ਬਣਾਉਂਦਿਆਂ ਲੋਕਾਂ ਦੇ ਦਿਲਾਂ ’ਚ ਵਿਸ਼ੇਸ ਜਗ੍ਹਾਂ ਬਣਾਈ ਹੈ, ਜਿਸ ਨਾਲ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ। ਬੀਤੇ ਕੱਲ ਅਪਣੇ ਵਾਰਡ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਪੱਕੀ ਹੋਣ ਵਾਲੀ ਬਠਿੰਡਾ ਨਹਿਰ ਦਾ ਨੀਂਹ ਪੱਥਰ ਰੱਖਣ ਬਦਲੇ ਮੁੱਖ ਮੰਤਰੀ ਸ: ਚੰਨੀ ਦਾ ਧੰਨਵਾਦ ਕਰਦਿਆਂ ਡਾਇਰੈਕਟਰ ਸੰਧੂ ਨੇ ਕਿਹਾ ਕਿ ਇਸ ਕੰਮ ਦੇ ਨੇਪਰੇ ਚੜ੍ਹਣ ਨਾਲ ਨਾ ਸਿਰਫ਼ ਇੱਥੇ ਹੋਣ ਵਾਲੇ ਹਾਦਸਿਆਂ ਤੋਂ ਨਿਜ਼ਾਤ ਮਿਲੇਗੀ, ਬਲਕਿ ਨਹਿਰ ਦੇ ਆਲੇ ਦੁਆਲੇ ਦਾ ਵੀ ਸੁੰਦਰੀਕਰਨ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਤੇ ਅਕਾਲੀ-ਭਾਜਪਾ ਸਹਿਤ ਆਪ ਦਾ ਬੁਰਾ ਹਾਲ ਹੈ।