ਦੀਪ ਕੰਪਨੀ ਦੀ ਵੋਲਵੋ ਵੀ ਰੋਕੀ
ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ : ਸੂਬੇ ’ਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਹੋਂਦ ਵਿਚ ਆਈ ਸਰਕਾਰ ਵਿਚ ਟ੍ਰਾਂਸਪੋਰਟ ਮੰਤਰੀ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਤੋਂ ਬਾਅਦ ਜਿੱਥੇ ਟ੍ਰਾਂਸਪੋਰਟ ਵਿਭਾਗ ਗਤੀਸ਼ੀਲ ਹੋ ਗਿਆ ਹੈ, ਉਥੇ ਪੀਆਰਟੀਸੀ ਅਧਿਕਾਰੀ ਵੀ ਹਰਕਤ ਵਿਚ ਆ ਗਏ ਹਨ। ਬਿਨ੍ਹਾਂ ਟੈਕਸ ਭਰੇ ਤੇ ਨਜਾਇਜ਼ ਤੌਰ ’ਤੇ ਚੱਲ ਰਹੀਆਂ ਬੱਸਾਂ ਨੂੰ ਰੋਕਣ ਲਈ ਸੂਬੇ ਭਰ ਵਿਚ ਚਲਾਈ ਮੁਹਿੰਮ ਤਹਿਤ ਅੱਜ ਸਵੇਰੇ ਚਾਰ ਤੋਂ ਪੰਜ ਵਜੇਂ ਤੱਕ ਕੀਤੀ ਅਚਨਚੇਤ ਚੈਕਿੰਗ ਦੌਰਾਨ ਦੋ ਵੋਲਵੋ ਬੱਸਾਂ ਜਬਤ ਕੀਤੀਆਂ ਗਈਆਂ। ਇੰਨ੍ਹਾਂ ਵਿਚ ਇੱਕ ਬਾਦਲ ਪ੍ਰਵਾਰ ਦੀ ਹਿੱਸੇਦਾਰੀ ਵਾਲੀ ਆਰਬਿਟ ਕੰਪਨੀ ਦੀ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੀ ਵੋਲਵੋ ਬੱਸ ਤੇ ਇੱਕ ਦੀਪ ਬੱਸ ਕੰਪਨੀ ਦੀ ਬਠਿੰਡਾ ਤੋਂ ਵਾਇਆ ਮਾਨਸਾ ਜਾਣ ਵਾਲੀ ਵੋਲਵੋ ਬੱਸ ਦੱਸੀ ਜਾ ਰਹੀ ਹੈ। ਪੀਆਰਟੀਸੀ ਬਠਿੰਡਾ ਡਿੱਪੂ ਦੇ ਜੀਐਮ ਰਮਨ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਦੋਨਾਂ ਬੱਸਾਂ ਦਾ ਟੈਕਸ ਬਕਾਇਆ ਪਿਆ ਸੀ, ਜਿਸਦੇ ਚੱਲਦੇ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਗਈ ਹੈ। ਉਧਰ ਚੈਕਿੰਗ ਦਾ ਪਤਾ ਚੱਲਦੇ ਹੀ ਜਿਆਦਾਤਰ ਏਸੀ ਬੱਸਾਂ ਮਿੰਟੋ-ਮਿੰਟੀ ਬਠਿੰਡਾ ਦੇ ਬੱਸ ਅੱਡੇ ਵਿਚੋਂ ਬਾਹਰ ਨਿਕਲ ਗਈਆਂ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਲਏ ਨਵੇਂ ਫੈਸਲੇ ਤਹਿਤ ਹੁਣ ਪੀਆਰਟੀਸੀ ਅਧਿਕਾਰੀਆਂ ਨੂੰ ਵੀ ਬੱਸ ਅੱਡੇ ਵਿਚ ਚੈਕਿੰਗ ਦੇ ਅਧਿਕਾਰ ਦਿੱਤੇ ਗਏ ਹਨ।
ਹੁਣ ਬਠਿੰਡਾ ’ਚ ਬਾਦਲਾਂ ਦੀ ਵੋਲਵੋ ਨੂੰ ਬਰੇਕਾਂ ਲਗਾਈਆਂ
6 Views