ਨਵਜੋਤ ਸਿੱਧੂ ਵਲੋਂ ਮੁੜ ਡੀਜੀਪੀ ਤੇ ਏ.ਜੀ ਦਾ ਮੁੱਦਾ ਚੁੱਕਣ ਤੋਂ ਬਾਅਦ ਰੰਧਾਵਾ ਵੀ ਭਰ ਚੁੱਕੇ ਹਨ ਦਿੱਲੀ ਦਰਬਾਰ ਦੀ ਹਾਜ਼ਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਅਕਤੂਬਰ: ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਗੱਦੀਓ ਉਤਾਰਨ ਦੇ ਬਾਵਜੂਦ ਪੰਜਾਬ ਕਾਂਗਰਸ ਵਿਚ ਪੈਦਾ ਹੋਇਆ ਕਲੈਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਦੋ ਦਿਨਾਂ ਪਹਿਲਾਂ ਕਾਂਗਰਸ ਦੀ ਕੌਮੀ ਕਾਰਜ਼ਕਾਰਨੀ ਦੀ ਹੋਈ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਦੁਆਰਾ ਨਿਯੁਕਤ ਕੀਤੇ ਡੀਜੀਪੀ ਤੇ ਏ.ਜੀ ਦਾ ਮਾਮਲਾ ਚੁੱਕਦਿਆਂ ਤੁਰੰਤ ਇਸਨੂੰ ਹੱਲ ਕਰਨ ’ਤੇ ਜੋਰ ਦਿੱਤਾ ਸੀ। ਜਿਸਤੋਂ ਬਾਅਦ ਪਹਿਲਾਂ ਹਾਈਕਮਾਂਡ ਨੇ ਸੂਬੇ ਦੇ ਉੂਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੂੰ ਦਿੱਲੀ ਬੁਲਾਇਆ ਸੀ। ਸੂਤਰਾਂ ਮੁਤਾਬਕ ਸ: ਰੰਧਾਵਾ ਨੇ ਅਪਣੇ ਵਿਭਾਗ ਵਲੋਂ ਪੰਜਾਬ ਦੇ ਬਹੁਚਰਚਿਤ ਮੁੱਦਿਆਂ ਨਸ਼ਾ, ਬੇਅਦਬੀ ਕਾਂਡ ਬਾਰੇ ਚੁੱਕੇ ਕਦਮਾਂ ਬਾਰੇ ਦਸਿਆ ਸੀ। ਇਸਤੋਂ ਬਾਅਦ ਅੱਜ ਸਵੇਰੇ ਮੁੱਖ ਮੰਤਰੀ ਚੰਨੀ ਨੇ ਰਾਹੁਲ ਗਾਂਧੀ ਨਾਲ ਦਿੱਲੀ ਵਿਚ ਮੀਟਿੰਗ ਕੀਤੀ ਹੈ। ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ਼ ਹਰੀਸ਼ ਚੌਧਰੀ ਵੀ ਹਾਜ਼ਰ ਰਹੇ। ਸੂਤਰਾਂ ਮੁਤਾਬਕ ਚੰਨੀ ਨੇ ਰਾਹੁਲ ਗਾਂਧੀ ਨੂੰ ਪਾਰਟੀ ਦੇ ਏਜੰਡੇ ਵਾਲੇ ਕੰਮਾਂ ਤੋਂ ਇਲਾਵਾ ਪੰਜਾਬ ਦੀਆਂ ਮੌਜੂਦਾ ਸਿਆਸੀ ਪ੍ਰਸਥਿਤੀਆਂ ਬਾਰੇ ਵੀ ਵਿਚਾਰ ਵਿਟਾਂਦਰਾ ਕੀਤਾ। ਖ਼ਾਸ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਅਪਣੀ ਅਲੱਗ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਗੱਲਬਾਤ ਹੋਈ। ਦਸਣਾ ਬਣਦਾ ਹੈ ਕਿ ਕੈਪਟਨ ਦੇ ਐਲਾਨ ਤੋਂ ਬਾਅਦ ਬੀਤੇ ਕੱਲ ਰਾਹੁਲ ਗਾਂਧੀ ਨੇ ਕੈਪਟਨ ਵਜ਼ਾਰਤ ’ਚ ਮੰਤਰੀ ਰਹੇ ਬਲਵੀਰ ਸਿੰਘ ਸਿੱਧੂ, ਰਾਣਾ ਸੋਢੀ, ਸ਼ਾਮ ਸੁੰਦਰ ਅਰੋੜਾ ਤੇ ਸਾਧੂ ਸਿੰਘ ਧਰਮਸੋਤ ਨੂੰ ਦਿੱਲੀ ਸੱਦ ਕੇ ਬਣਦਾ ਮਾਣ ਸਨਮਾਣ ਦੇਣ ਦਾ ਭਰੋਸਾ ਦਿੱਤਾ ਸੀ।