ਜ਼ਿਲ੍ਹੇ ’ਚ ਮੋਤੀਆ ਬਿੰਦ ਦੇ ਅਪਰੇਸ਼ਨ ਮੁਫਤ ਕੀਤੇ ਜਾਣਗੇ : ਡਾ. ਤੇਜਵੰਤ ਢਿੱਲੋਂ

0
58

50 ਸਾਲ ਤੋਂ ਉਪਰ ਦੇ ਵਿਅਕਤੀ ਸਰਕਾਰੀ ਹਸਪਤਾਲ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਕਰਵਾਉਣ : ਡਾ. ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੱਦੇਨਜਰ ਸੂਬੇ ਭਰ ਵਿੱਚ ਸ਼ੁਰੂ ਕੀਤੇ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ ਤਹਿਤ ਜ਼ਿਲ੍ਹੇ ਵਿਚ 50 ਸਾਲ ਤੋਂ ਉਪਰ ਦੇ ਲੋੜਵੰਦ ਮਰੀਜਾਂ ਦੇ ਮੋਤੀਆ ਬਿੰਦ ਦੇ ਮੁਫਤ ਅਪਰੇਸ਼ਨ 31 ਦਸੰਬਰ ਤੱਕ ਕੈਂਪ ਲਗਾਕੇ ਕੀਤੇ ਜਾਣਗੇ । ਇਹ ਦਾਅਵਾ ਇਸ ਮੁਹਿੰਮ ਦਾ ਬੈਨਰ ਜਾਰੀ ਕਰਦਿਆਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਸਿਵਲ ਹਸਪਤਾਲ ਬਠਿੰਡਾ, ਸਿਵਲ ਹਸਪਤਾਲ ਗੋਨਿਆਣਾ, ਤਲਵੰਡੀ ਸਾਬੋ, ਨਥਾਣਾ, ਬਾਲਿਆਂਵਾਲੀ, ਸੰਗਤ, ਭਗਤਾ ਅਤੇ ਭੁੱਚੋ ਵਿਖੇ 50 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਦੀਆਂ ਅੱਖਾਂ ਦੀ ਮੁਫਤ ਸਕਰੀਨਿੰਗ ਕੀਤੀ ਜਾ ਰਹੀ ਹੈ। ਸਕਰੀਨਿੰਗ ਉਪਰੰਤ ਮੋਤੀਅਬਿੰਦ ਤੋਂ ਪੀੜਤ ਪਾਏ ਜਾਣ ਵਾਲੇ ਵਿਅਕਤੀਆਂ ਦੀਆਂ ਅੱਖਾਂ ਦੇ ਮੁਫਤ ਅਪਰੇਸ਼ਨ ਜਿਲਾ ਹਸਪਤਾਲ ਬਠਿੰਡਾ ਵਿਖੇ ਮਿਤੀ 1 ਦਸੰਬਰ ਤੋਂ 31 ਦਸੰਬਰ 2021 ਤੱਕ ਕੀਤੇ ਜਾਣਗੇ । ਉਹਨਾਂ ਦੱਸਿਆ ਕਿ ਜਿਲਾ ਹਸਪਤਾਲ ਵਿਖੇ ਅਪਰੇਸ਼ਨ ਲਈ ਜਾਣ ਵਾਲੇ ਮਰੀਜਾਂ ਨੂੰ ਮੁਫਤ ਆਵਾਜਾਈ ਦੀ ਸਹੂਲਤ, ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾਣਗੀਆਂ। ਡਾ. ਮਿਨਾਕਸ਼ੀ ਸਿੰਗਲਾ ਤੇ ਸ਼੍ਰੀ ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਨੇ ਜਿਲਾ ਬਠਿੰਡਾ ਦੇ 50 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਅੱਖਾਂ ਦੀ ਮੁਫਤ ਜਾਂਚ ਸਰਕਾਰੀ ਹਸਪਤਾਲ ਵਿਖੇ ਅੱਖਾਂ ਦੇ ਮਾਹਿਰ ਕੋਲ ਜਰੂਰ ਕਰਵਾਉਣ ਅਤੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ । ਉਹਨਾਂ ਸਿਹਤ ਵਿਭਾਗ ਦੇ ਫੀਲਡ ਸਟਾਫ, ਆਸ਼ਾ ਵਰਕਰਾਂ, ਸਮਾਜਸੇਵੀ ਸੰਸਥਾਵਾਂ ਅਤੇ ਪੰਚਾਂ-ਸਰਪੰਚਾਂ ਨੂੰ ਵੀ ਇਸ ਮਹਾਨ ਕਾਰਜ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ। ਇਸ ਮੌਕੇ ਡਾ. ਮਿਨਾਕਸ਼ੀ ਸਿੰਗਲਾ, ਡਾ. ਊਸ਼ਾ ਗੋਇਲ, ਡਾ. ਮੁਨੀਸ਼ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਲਖਵਿੰਦਰ ਸਿੰਘ ਬੀਈਈ ਅਤੇ ਮੱਖਣ ਸਿੰਘ ਸੁਪਰਡੈਂਟ ਮੌਜੂਦ ਸਨ ।

LEAVE A REPLY

Please enter your comment!
Please enter your name here