ਕੇਸ ’ਚ ਪਹਿਲਾਂ ਹੀ ਅੱਧੀ ਦਰਜ਼ਨ ਕਥਿਤ ਦੋਸ਼ੀਆਂ ਨੂੰ ਕੀਤਾ ਜਾ ਚੁੱਕਾ ਹੈ ਗਿ੍ਰਫਤਾਰ
ਸੁਖਜਿੰਦਰ ਮਾਨ
ਬਠਿੰਡਾ, 29 ਸਤੰਬਰ-ਲੰਘੀ 5 ਸਤੰਬਰ ਨੂੰ ਫ਼ਿਰੌਤੀ ਲਈ ਰਾਤ ਨੂੰ ਸ਼ਹਿਰ ਦੇ ਇੱਕ ਵਪਾਰੀ ਦੇ ਘਰ ਪੈਟਰੋਲ ਬੰਬ ਸੁੱਟਣ ਅਤੇ ਹਵਾਈ ਫ਼ਾਈਰ ਕਰਨ ਵਾਲੇ ਕਥਿਤ ਦੋਸ਼ੀ ਨੌਜਵਾਨ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਇਸ ਮਾਮਲੇ ਵਿਚ ਅੱਧੀ ਦਰਜ਼ਨ ਵਿਅਕਤੀ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ। ਇੰਨ੍ਹਾਂ ਵਿਚ ਮੇਅਰ ਦਾ ਕਥਿਤ ਨਜਦੀਕੀ ਨੌਜਵਾਨ ਚਿੰਕੀ ਵੀ ਸ਼ਾਮਲ ਹੈ। ਅੱਜ ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਅਜੈ ਮਲੂਜਾ ਨੇ ਦਸਿਆ ਕਿ ਇਸ ਕੇਸ ਵਿਚ ਥਾਣਾ ਥਰਮਲ ਦੀ ਪੁਲਿਸ ਨੇ ਮੁਦਈ ਰਜਿੰਦਰ ਕੁਮਾਰ ਮੰਗਲਾ ਦੀ ਸਿਕਾਇਤ ’ਤੇ 6 ਸਤੰਬਰ ਨੂੰ ਕੇਸ ਦਰਜ਼ ਕਰ ਲਿਆ ਸੀ। ਜਿਸਦੀ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਗੈਗਸਟਰ ਗੋਲਡੀ ਬਰਾੜ ਵੱਲੋਂ ਉਕਤ ਵਪਾਰੀ ਕੋਲੋ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਇਸ ਕਾਂਡ ਨੂੰ ਅੰਜਾਮ ਦੇਣ ਲਈ ਬਠਿੰਡਾ ਜੇਲ੍ਹ ਵਿਚ ਬੰਦ ਰਵਿੰਦਰ ਸਿੰਘ ਉਰਫ ਲਾਲੀ ਮੌੜ ਯੋਜਨਾ ਬਣਾਈ ਗਈ ਸੀ। ਜਿਸ ਵਿਚ ਪੰਕਜ ਗੋਇਲ ਉਰਫ ਚਿੰਕੀ, ਕਮਲ ਚੋਪੜਾ ਉਰਫ ਗੰਜਾ, ਸੰਦੀਪ ਸਿੰਘ ਉਰਫ ਸੋਨੂੰ ਅਤੇ ਸੁੰਦਰ ਲਾਲ ਆਦਿ ਤੋਂ ਇਲਾਵਾ ਘਟਨਾ ਵਾਲੇ ਦਿਨ ਪੈਟਰੋਲ ਬੰਬ ਸੁੱਟਣ ਤੇ ਫ਼ਾਈਰ ਕਰਨ ਵਾਲੇ ਮੋਟਰਸਾਈਕਲ ਸਵਾਰ ਵਿੱਕੀ ਤੇ ਸੁਖਮਨਦੀਪ ਸਿੰਘ ਉਰਫ ਮਨੀ ਵੀ ਸ਼ਾਮਲ ਸਨ। ਪੁਲਿਸ ਨੇ ਵਿੱਕੀ ਅਤੇ ਮਨੀ ਨੂੰ ਛੱਡ ਬਾਕੀਆਂ ਨੂੰ ਗਿ੍ਰਫਤਾਰ ਕਰ ਲਿਆ ਸੀ। ਮਾਮਲੇ ਦੀ ਜਾਂਚ ਕਰ ਰਹੇ ਸਪੈਸਲ ਸਟਾਫ਼ ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਸੁਖਮਨਦੀਪ ਸਿੰਘ ਉਰਫ ਮਨੀ ਪਿੰਡ ਵੱਟੂ ਸ਼੍ਰੀ ਮੁਕਤਸਰ ਸਾਹਿਬ ਨੂੰ ਨਾਮਜ਼ਦ ਕਰਕੇ ਗਿ੍ਰਫਤਾਰ ਕਰ ਲਿਆ ਹੈ। ਜਿਸਦੇ ਕਬਜ਼ੇ ਵਿਚੋਂ ਮੋਟਰਸਾਇਕਲ ਹੀਰੋ ਸਪਲੈਂਡਰ ਅਤੇ ਇੱਕ ਪਿਸਟਲ 32 ਬੋਰ ਦੇਸੀ ਸਮੇਤ 02 ਰੋਂਦ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ।