ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ :ਪੰਜਾਬ ਕੇਂਦਰੀ ਯੂਨੀਵਰਸਿਟੀ,ਬਠਿੰਡਾ (ਸੀਯੂਪੀਬੀ) ਦੇ ਵਾਈਸ ਚਾਂਸਲਰ ਪ੍ਰੋ.ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਨੇਪਾਲ ਦੀ ਸਭ ਤੋਂ ਨਾਮਵਰ ਤ੍ਰਿਭੁਵਨ ਯੂਨੀਵਰਸਿਟੀ (ਟੀਯੂ) ਵੱਲੋਂ 9 ਦਸੰਬਰ, 2022 ਨੂੰ ਹੋਣ ਵਾਲੇ 48ਵੇਂ ਟੀਯੂ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਸਾਲ 1959 ਵਿੱਚ ਸਥਾਪਿਤ ਤ੍ਰਿਭੁਵਨ ਯੂਨੀਵਰਸਿਟੀ (ਟੀਯੂ ) ਨੇਪਾਲ ਵਿੱਚ ਉੱਚ ਸਿੱਖਿਆ ਦੀ ਪਹਿਲੀ ਰਾਸ਼ਟਰੀ ਸੰਸਥਾ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਯੂਨੀਵਰਸਿਟੀ ਦੇ ਚਾਂਸਲਰ ਹਨ, ਜਦੋਂ ਕਿ ਸਿੱਖਿਆ ਮੰਤਰੀ ਪ੍ਰੋ-ਚਾਂਸਲਰ ਹਨ।ਪੰਜਾਬ ਕੇਂਦਰੀ ਯੂਨੀਵਰਸਿਟੀ, ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇਪਾਲ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਟੀਯੂ ਦੇ ਚਾਂਸਲਰ ਸ਼?ਰੀ ਸ਼ੇਰ ਬਹਾਦੁਰ ਦੇਓਬਾ; ਨੇਪਾਲ ਦੇ ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਮਾਨਯੋਗ ਮੰਤਰੀ ਅਤੇ ਟੀਯੂ ਦੇ ਪ੍ਰੋ-ਚਾਂਸਲਰ ਸ਼੍ਰੀ ਦੇਵੇਂਦਰ ਪੌਡੇਲ ਅਤੇ ਤ੍ਰਿਭੁਵਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਧਰਮਕਾਂਤ ਵਾਸਕੋਟਾ ਦੀ ਹਾਜ਼ਰੀ ਵਿੱਚ ਡਿਗਰੀ ਪ੍ਰਾਪਤ ਕਰਨ ਵਾਲੇ ਅਤੇ ਸੋਨੇ ਦੇ ਤਗਮੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ।
ਇਸ ਖ਼ਬਰ ਨਾਲ ਸੀਯੂਪੀਬੀ ਕੈਂਪਸ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 13 ਸਾਲਾਂ ਦੇ ਸਫ਼ਰ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੂੰ ਵਿਦੇਸ਼ ਵਿੱਚ ਕਿਸੇ ਸਰਕਾਰੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ।ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਉਨ੍ਹਾਂ ਨੂੰ ਟੀਯੂ ਡਿਗਰੀ ਵੰਡ ਸਮਾਰੋਹ ਲਈ ਸੱਦਾ ਦੇਣ ਲਈ ਤ੍ਰਿਭੁਵਨ ਯੂਨੀਵਰਸਿਟੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਦੇ ਚੰਗੇ ਦੁਵੱਲੇ ਸਬੰਧ ਹਨ। ਨਜ਼ਦੀਕੀ ਗੁਆਂਢੀ ਹੋਣ ਦੇ ਨਾਤੇ, ਭਾਰਤ ਅਤੇ ਨੇਪਾਲ ਦੋਸਤੀ ਅਤੇ ਸਹਿਯੋਗ ਦੇ ਇੱਕ ਵਿਲੱਖਣ ਰਿਸ਼ਤੇ ਨੂੰ ਸਾਂਝਾ ਕਰਦੇ ਹਨ, ਜਿੱਥੇ ਦੋਵਾਂ ਦੇਸ਼ਾਂ ਦੇ ਨਾਗਰਿਕ ਖੁੱਲ੍ਹੀਆਂ ਸਰਹੱਦਾਂ ਦੇ ਨਾਲ-ਨਾਮ ਆਪਸੀ ਭਾਈਚਾਰਾ, ਸੱਭਿਆਚਾਰ, ਵਿਸ਼ਵਾਸ, ਜੀਵਨ ਸ਼ੈਲੀ ਅਤੇ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਸਮਾਨਤਾ ਦਾ ਆਨੰਦ ਮਾਣਦੇ ਹਨ।ਪ੍ਰੋ. ਤਿਵਾਰੀ ਨੇ ਕਿਹਾ ਕਿ ਨੇਪਾਲ ਦੀ ਤ੍ਰਿਭੁਵਨ ਯੂਨੀਵਰਸਿਟੀ ਦਾ ਦੌਰਾ ਸਾਨੂੰ ਸਿੱਖਿਆ ਅਤੇ ਖੋਜ ਦੇ ਖੇਤਰਾਂ ਵਿੱਚ ਸੀਯੂਪੀਬੀ ਅਤੇ ਟੀਯੂ ਦੋਵਾਂ ਦਰਮਿਆਨ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਉਤਸ਼ਾਹਿਤ ਕਰੇਗਾ।
Share the post "ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇਪਾਲ ਦੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਵਿੱਚ ਹੋਣਗੇ ਮੁੱਖ ਮਹਿਮਾਨ"