ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਅਪਣੇ ਕਾਰਨਾਮਿਆਂ ਕਰਕੇ ਚਰਚਾ ਵਿਚ ਰਹਿਣ ਵਾਲੀ ਸਥਾਨਕ ਕੇਂਦਰੀ ਜੇਲ੍ਹ ਵਿਚ ਤੈਨਾਤ ਇੱਕ ਜੇਲ ਵਾਰਡਨ ਹੀ ਜੇਲ ਅੰਦਰ ਚਿੱਟੇ ਦੀ ਸਪਲਾਈ ਕਰਦਾ ਰੰਗੇ ਹੱਥੀ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਜੇਲ ਅਧਿਕਾਰੀਆਂ ਦੀ ਸਿਕਾਇਤ ’ਤੇ ਕੈਂਟ ਪੁਲਿਸ ਨੇ ਜੇਲ ਵਾਰਡਨ ਅਮਨਪ੍ਰੀਤ ਸਿੰਘ ਵਿਰੁਧ ਪਰਚਾ ਦਰਜ਼ ਕਰਕੇ ਗਿ੍ਰਫਤਾਰ ਕਰ ਲਿਆ ਹੈ। ਇਸਦੇ ਇਲਾਵਾ ਇਸ ਕੇਸ ਵਿਚ ਦੋ ਕੈਦੀਆਂ, ਤਿੰਨ ਹਵਾਲਾਤੀਆਂ ਤੇ ਇੱਕ ਹੋਰ ਬਾਹਰਲੇ ਵਿਅਕਤੀ ਵਿਰੁਧ ਨੂੰ ਵੀ ਪਰਚੇ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਉਪਰ ਸ਼ੱਕ ਹੈ ਕਿ ਉਹ ਚਿੱਟੇ ਦੀ ਸਪਲਾਈ ਉਕਤ ਜੇਲ ਵਾਰਡਰ ਨੂੰ ਦਿੰਦਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਜੇਲ ਦਾ ਵਾਰਡਰ ਕੁੱਝ ਨਸ਼ਾ ਤਸਕਰਾਂ ਨਾਲ ਮਿਲਕੇ ਜੇਲ ਦੇ ਅੰਦਰ ਕੈਦੀਆਂ ਤੇ ਹਵਾਲਾਤੀਆਂ ਨੂੰ ਚਿੱਟੇ ਤੇ ਹੋਰ ਨਸ਼ੇ ਦੀ ਸਪਲਾਈ ਕਰਦਾ ਹੈ। ਇਸ ਸੂਚਨਾ ਦੇ ਅਧਾਰ ’ਤੇ ਉਕਤ ਵਾਰਡਰ ਦੀ ਰੇਕੀ ਕੀਤੀ ਗਈ। ਇਸ ਦੌਰਾਨ ਬੀਤੇ ਕੱਲ ਸੂਚਨਾ ਸਹੀ ਨਿਕਲੀ ਤੇ ਉਕਤ ਵਾਰਡਰ ਨੂੰ 15 ਗ੍ਰਾਂਮ ਚਿੱਟੇ ਸਹਿਤ ਕਾਬੂ ਕਰ ਲਿਆ ਗਿਆ। ਪੁਲਿਸ ਦੀ ਪੁਛਗਿਛ ਦੌਰਾਨ ਸਾਹਮਣੇ ਆਇਆ ਕਿ ਉਕਤ ਮੁਲਾਜਮ ਨਾਲ ਜੇਲ ਦੇ ਅੰਦਰ ਬੰਦ ਕੁੱਝ ਕੈਦੀ ਤੇ ਹਵਾਲਾਤੀ ਅਤੇ ਬਾਹਰਲੇ ਲੋਕ ਵੀ ਮਿਲੇ ਹੋਏ ਹਨ। ਜਿਸਤੋਂ ਬਾਅਦ ਪੁਲਿਸ ਨੇ ਅਮਨਪ੍ਰੀਤ ਦੇ ਨਾਲ-ਨਾਲ ਹਵਾਲਾਤੀ ਰਿੰਕੂ, ਕੈਦੀ ਹਰਬੰਸ ਸਿੰਘ, ਗੁਰਦੇਵ ਸਿੰਘ, ਰਾਜੇਸ ਤੇ ਮਨਦੀਪ ਤੋਂ ਇਲਾਵਾ ਬੱਬੂ ਵਾਸੀ ਚਨਾਰਥਲ ਵਿਰੁਧ ਵੀ ਪਰਚਾ ਦਰਜ਼ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਹ ਨਸ਼ਾ ਤਸਕਰੀ ਦੇ ਕੰਮ ਵਿਚ ਕਿੰਨੇ ਸਮੇਂ ਤੋਂ ਲੱਗੇ ਹੋਏ ਸਨ ਤੇ ਹੋਰ ਉਨ੍ਹਾਂ ਦੇ ਨਾਲ ਕੌਣ ਕੌਣ ਹਨ।
ਜੇਲ੍ਹ ਦਾ ਰਾਖ਼ਾ ਅੰਦਰ ‘ਚਿੱਟੇ’ ਦੀ ਸਪਲਾਈ ਕਰਦਾ ਕਾਬੂ
6 Views