ਸਲਾਬਤਪੁਰਾ ਨੂੰ ਜਾਂਦੀ ਸੜਕ ’ਤੇ ਲਗਾਇਆ ਧਰਨਾ, ਡੇਰਾ ਪ੍ਰੇਮੀਆਂ ਦੀ ਬੱਸਾਂ ਨੂੰ ਮੋੜਿਆ
ਸੁਖਜਿੰਦਰ ਮਾਨ
ਬਠਿੰਡਾ, 30 ਅਕਤੂੁਬਰ: ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਹਰਿਆਣਾ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਲੋਂ ਪੈਰੋਲ ’ਤੇ ਬਾਹਰ ਆਉਣ ਦੇ ਬਾਅਦ ਲਗਾਤਾਰ ਕੀਤੀਆਂ ਜਾ ਰਹੀਆਂ ਆਨ-ਲਾਈਨ ਸੰਤਸੰਗਾਂ ਕਾਰਨ ਸਿੱਖਾਂ ਵਿਚ ਮੁੜ ਰੋਸ ਪੈਦਾ ਹੋਣ ਲੱਗਾ ਹੈ। ਜਿਸਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਸਿੱਖਾਂ ਵਲੋਂ ਡੇਰਾ ਸਲਾਬਤਪੁਰਾ ਵਿਖੇ ਚੱਲ ਰਹੀ ਸੰਤਸੰਗ ਨੂੰ ਰੋਕਣ ਲਈ ਨੇੜਲੇ ਪਿੰਡ ਜਲਾਲ ਵਿਖੇ ਧਰਨਾ ਲਗਾ ਦਿੱਤਾ। ਸਿੱਖ ਜਥੇਬੰਦੀਆਂ ਦੇ ਇਸ ਐਕਸ਼ਨ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਤੁਰਤ-ਫ਼ੁਰਤ ਭਾਰੀ ਗਿਣਤੀ ਵਿਚ ਪੁਲਿਸ ਫ਼ੌਰਸ ਤੈਨਾਤ ਕੀਤੀ। ਇਸਤੋਂ ਇਲਾਵਾ ਡੇਰਾ ਸਲਾਬਤਪੁਰਾ ਨਜਦੀਕ ਵੀ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਧਰਨੇ ਕਾਰਨ ਸਲਾਬਤਪੁਰਾ ਵੱਲ ਜਾ ਰਹੇ ਡੇਰਾ ਪ੍ਰੇਮੀਆਂ ਦੀ ਬੱਸਾਂ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਕਈ ਸਵਾਰੀਆਂ ਢੋਹਣ ਵਾਲੀਆਂ ਬੱਸਾਂ ਵਿਚੋਂ ਵੀ ਡੇਰਾ ਪ੍ਰੇਮੀਆਂ ਨੂੰ ਉਤਾਰ ਦਿੱਤਾ ਗਿਆ। ਜਿਸਦੇ ਚੱਲਦੇ ਦੋਨਾਂ ਧਿਰਾਂ ਵਿਚਕਾਰ ਤਨਾਅ ਬਣਨ ਵਾਲੀ ਸਥਿਤੀ ਪੈਦਾ ਹੋ ਗਈ ਸੀ ਪ੍ਰੰਤੂ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਸਥਿਤੀ ਨੂੰ ਕਾਬੂ ਹੇਠ ਰੱਖਿਆ ਗਿਆ। ਇਸ ਮੌਕੇ ਅਕਾਲੀ ਦਲ ਅੰਮਿ੍ਰਤਸਰ ਦੇ ਵਰਕਰਾਂ ਨੇ ਨਾਅਰੇਬਾਜੀ ਕਰਦੇ ਹੋਏ ਦੋਸ਼ ਲਗਾਇਆ ਕਿ ਗੰਭੀਰ ਦੋਸਾਂ ਤਹਿਤ ਸਜਾ ਭੁਗਤ ਰਹੇ ਰਾਮ ਰਹੀਮ ਅੱਜ ਸਿੱਖਾਂ ਨੂੰ ਚਿੜਾਉਣ ਲਈ ਖੁੱਲੇਆਮ ਆਨ ਲਾਈਨ ਸੰਤਸੰਗਾਂ ਲਗਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇਸ ਬਲਾਤਕਾਰੀ ਸਾਧ ਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਅਪਣੀਆਂ ਸਜਾਵਾਂ ਤੋਂ ਵੀ ਕਈ-ਕਈ ਗੁਣਾਂ ਜਿਆਦਾ ਸਮਾਂ ਜੇਲ੍ਹਾਂ ਵਿਚ ਬੈਠੇ ਬੰਦੀ ਸਿੰਘਾਂ ਨੂੰ ਅੱਜ ਤੱਕ ਰਿਹਾਅ ਨਹੀਂ ਕੀਤਾ ਜਾ ਰਿਹਾ। ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਨੇ ਇਸ ਮੌਕੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਰਾਹ ਰਹੀਮ ਨੂੰ ਨੱਥ ਨਾ ਪਾਈ ਤਾਂ ਪੰਜਾਬ ਦਾ ਮਾਹੌਲ ਮੁੜ ਖ਼ਰਾਬ ਹੋ ਸਕਦਾ ਹੈ।
Share the post "ਡੇਰਾ ਸਿਰਸਾ ਦੀ ਸਲਾਬਤਪੁਰਾ ਵਿਖੇ ਹੋਈ ਸੰਤਸੰਗ ਵਿਰੁਧ ਸਿੱਖ ਜਥੇਬੰਦੀਆਂ ਨੇ ਖੋਲਿਆ ਮੋਰਚਾ"